ਨਵੀਂ ਦਿੱਲੀ: ਦੇਸ਼ ’ਚ 4G ਨੈੱਟਵਰਕ ਦੀ ਕ੍ਰਾਂਤੀ ਲਿਆਉਣ ਤੋਂ ਬਾਅਦ ਹੁਣ ਰਿਲਾਇੰਸ ਜੀਓ 5G ਸਮਾਰਟਫ਼ੋਨ ਲਿਆਉਣ ਦੀਆਂ ਤਿਆਰੀਆਂ ’ਚ ਹੈ। ਕੰਪਨੀ ਬਹੁਤ ਸਸਤੀ ਕੀਮਤ ’ਚ 5G ਸਮਾਰਟਫ਼ੋਨ ਉਪਲਬਧ ਕਰਵਾਉਣ ਦੀ ਯੋਜਨਾ ਉਲੀਕ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ 5,000 ਰੁਪਏ ਤੋਂ ਵੀ ਘੱਟ ਹੋਵੇਗੀ। ਉਂਝ ਕੰਪਨੀ ਦਾ ਦਾਅਵਾ ਹੈ ਕਿ ਬਾਜ਼ਾਰ ਦੀ ਮੰਗ ਨੂੰ ਵੇਖਦਿਆਂ ਕੰਪਨੀ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ 2,500 ਰੁਪਏ ਤੋਂ ਲੈ ਕੇ 3,000 ਰੁਪਏ ਕਰ ਸਕਦੀ ਹੈ।


ਦੇਸ਼ ’ਚ ਫ਼ਿਲਹਾਲ 5G ਸਮਾਰਟਫ਼ੋਨਜ਼ ਦੀ ਕੀਮਤ 27,000 ਰੁਪਏ ਤੋਂ ਸ਼ੁਰੂ ਹੁੰਦਾ ਹੈ ਪਰ ਜੀਓ ਕੰਪਨੀ ਸਭ ਤੋਂ ਤੇਜ਼ ਨੈੱਟਵਰਕ ਦੇ ਫ਼ੋਨ ਬਹੁਤ ਘੱਟ ਕੀਮਤ ’ਚ ਉਪਲਬਧ ਕਰਵਾਏਗੀ। ਭਾਰਤ ਵਿੱਚ ਸਭ ਤੋਂ ਸਸਤੇ 4G ਸਮਾਰਟਫ਼ੋਨ ਲਿਆਉਣ ਦਾ ਸਿਹਰਾ ਰਿਲਾਇੰਸ ਜਿਓ ਨੂੰ ਹੀ ਜਾਂਦਾ ਹੈ। ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ ਸਿਰਫ਼ 1,500 ਰੁਪਏ ਸੀ।

ਇੰਨੇ ਕਰੋੜ ਯੂਜ਼ਰਜ਼ ਦਾ ਟੀਚਾ

ਰਿਲਾਇੰਸ ਦੇ ਅਧਿਕਾਰੀ ਮੁਤਾਬਕ ਕੰਪਨੀ 20 ਕਰੋੜ ਫ਼ੋਨ ਯੂਜ਼ਰਜ਼ ਦਾ ਟੀਚਾ ਲੈ ਕੇ ਚੱਲ ਰਹੀ ਹੈ। ਫ਼ਿਲਹਾਲ ਇਨ੍ਹਾਂ ਵਰਤੋਂਕਾਰਾਂ ਕੋਲ ਬੇਸਿਕ 2G ਫ਼ੋਨ ਹਨ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ 5G ਸਮਾਰਟਫ਼ੋਨਜ਼ ਦੀ ਜ਼ਰੂਰਤ ਨੂੰ ਵੇਖਦਿਆਂ ਕੰਪਨੀ ਇਸ ਉੱਤੇ ਕੰਮ ਕਰ ਰਹੀ ਹੈ। ਫ਼ਿਲਹਾਲ ਭਾਰਤ ’ਚ 5G ਨੈੱਟਵਰਕ ਸ਼ੁਰੂ ਵੀ ਨਹੀਂ ਹੋਇਆ ਹੈ।

ਸਰਕਾਰ ਤੋਂ ਮੰਗੀ ਇਜਾਜ਼ਤ

ਰਿਲਾਇੰਸ ਗਰੁੱਪ ਨੇ 5G ਸਮਾਰਟਫ਼ੋਨਜ਼ ਲਈ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਮਿਲ ਕੇ ਇਹ ਸਮਾਰਟਫ਼ੋਨ ਬਣਾਉਣ ਦੀ ਗੱਲ ਆਖੀ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਰਿਲਾਇੰਸ ਦੇ ਸਸਤੇ 5G ਸਮਾਰਟਫ਼ੋਨਜ਼ ਲਈ ਆਪਰੇਟਿੰਗ ਸਿਸਟਮ ਬਣਾਉਣ ਵਿੱਚ ਮਾਈਕ੍ਰੋਸਾਫ਼ਟ ਦੀ ਮਦਦ ਲਈ ਜਾ ਸਕਦੀ ਹੈ। ਹਾਲੇ ਦੇਸ਼ ਵਿੱਚ 5G ਨੈੱਟਵਰਕ ਦੀ ਸ਼ੁਰੂਆਤ ਨਹੀਂ ਹੋਈ, ਇਸੇ ਲਈ ਕੰਪਨੀ ਨੇ ਸਰਕਾਰ ਤੋਂ ਪ੍ਰਵਾਨਗੀ ਮੰਗੀ ਹੈ।