ਚੰਡੀਗੜ੍ਹ: ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਲੀਡਰਾਂ ਨੂੰ ਆਪਣੀ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਹੈ। ਘੁਬਾਇਆ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿੱਚ ਚਿੱਠੀ ਵੀ ਲਿਖੀ ਹੈ। ਉਨ੍ਹਾਂ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਮੀਦਵਾਰ ਐਲਾਨਣ ਤੋਂ ਬਾਅਦ ਇਸ਼ਾਰਾ ਦਿੱਤਾ ਸੀ ਕਿ ਫਿਰੋਜ਼ਪੁਰ ਵਿੱਚ ਵੱਡੇ ਪੱਧਰ 'ਤੇ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਵਿਰੋਧ ਕਰ ਰਹੇ ਸਨ।

ਘੁਬਾਇਆ ਨੇ ਕਿਹਾ ਇਸ ਮਸਲੇ ਨੂੰ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਰੋਜ਼ਪੁਰ ਹਲਕੇ ਦੀ ਇੱਕ ਬੈਠਕ ਬੁਲਾਈ ਸੀ। ਇਸ ਵਿੱਚ ਸਾਰੇ ਕਾਂਗਰਸ ਦਾ ਸਮਰਥਨ ਕਰਨ ਲਈ ਰਾਜ਼ੀ ਹੋ ਗਏ ਸਨ, ਪਰ ਰਾਜ਼ੀ ਹੋਣ ਦੇ ਬਾਵਜੂਦ ਉਹ ਜ਼ਮੀਨੀ ਪੱਧਰ 'ਤੇ ਕਾਂਗਰਸ ਨੂੰ ਵੋਟਾਂ ਨਾ ਪਾਉਣ ਦੀ ਨੀਅਤ ਨਾਲ ਚੱਲਦੇ ਰਹੇ। ਜਦੋਂ ਉਨ੍ਹਾਂ ਨੂੰ ਕੈਪਟਨ ਦੇ ਖਾਸ ਮੰਤਰੀ ਰਾਣਾ ਗੁਰਮੀਤ ਸੋਢੀ ਬਾਰੇ ਪੁੱਛਿਆ ਤਾਂ ਉਨ੍ਹਾਂ ਨਾਂ ਨਾ ਲੈਂਦਿਆਂ ਕਈ ਇਲਜ਼ਾਮ ਲਾਏ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਜਿਸ ਵੀ ਲੋਕ ਸਭਾ ਹਲਕੇ ਵਿੱਚੋਂ ਕਾਂਗਰਸ ਦਾ ਉਮੀਦਵਾਰ ਹਾਰੇਗਾ, ਉਸ ਦਾ ਖਾਮਿਆਜ਼ਾ ਉਸ ਹਲਕੇ ਦੇ ਮੰਤਰੀ ਤੇ ਵਿਧਾਇਕਾਂ ਨੂੰ ਭੁਗਤਣਾ ਪਏਗਾ। ਇਸ ਦੇ ਬਾਵਜੂਦ ਸ਼ੇਰ ਸਿੰਘ ਘੁਬਾਇਆ ਨੇ ਸਿੱਧੀ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਹੈ। ਘੁਬਾਇਆ ਰਾਹੁਲ ਗਾਂਧੀ ਨੂੰ ਚਿੱਠੀ ਲਿਖਣ ਤੋਂ ਬਾਅਦ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਵੀ ਜਾ ਰਹੇ ਹਨ।