ਚੰਡੀਗੜ੍ਹ: "ਛੋਟੇਪੁਰ ਵੱਲੋਂ ਇਹ ਕਹਿਣਾ ਗਲਤ ਹੈ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਫੇਰ ਕੀ ਹੋ ਜਾਂਦਾ ਕਿ ਜੇ ਮੈਨੀਫੈਸਟੋ ਲਈ ਤੁਹਾਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ। ਜੇ ਛੋਟੇਪੁਰ ਦੀ ਗੱਲ ਨੂੰ ਵੀ ਸੱਚ ਮੰਨ ਲਿਆ ਜਾਵੇ ਤਾਂ ਛੋਟੇਪੁਰ 39 ਦਿਨਾਂ ਬਾਅਦ ਕਿਉਂ ਬੋਲੇ। ਕੀ ਉਹ ਸੱਚੇ ਸਿੱਖ ਨਹੀਂ ਸਨ।" ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਿੰਮਤ ਸਿੰਘ ਸ਼ੇਰਗਿੱਲ ਨੇ ਕਹੀ ਹੈ।
ਉਨ੍ਹਾਂ ਕਿਹਾ ਕਿ ਛੋਟੇਪੁਰ ਇੰਨੇ ਦਿਨਾਂ ਬਾਅਦ ਇਸ ਲਈ ਬੋਲੇ ਹਨ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਕਨਵੀਨਰ ਪਦ ਤੋਂ ਹਟਾ ਦਿੱਤਾ ਹੈ ਤੇ ਹੁਣ ਉਹ ਧੜਾ ਧੜਾ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੇਪੁਰ ਪਿਛਲੇ ਲੰਮੇ ਸਮੇਂ ਤੋਂ ਧਾਂਦਲੀਆਂ ਕਰ ਰਹੇ ਹਨ ਪਰ ਉਨ੍ਹਾਂ ਖ਼ਿਲਾਫ ਪਾਰਟੀ ਕੋਲ ਕੋਈ ਸਬੂਤ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਹੀ ਪਾਰਟੀ ਕੋਲ ਸਬੂਤ ਆਇਆ ਤਾਂ ਪਾਰਟੀ ਨੇ ਛੋਟੇਪੁਰ ਖ਼ਿਲਾਫ ਕਾਰਵਾਈ ਕੀਤੀ।
ਸ਼ੇਰਗਿੱਲ ਨੇ ਕਿਹਾ ਕਿ ਛੋਟੇਪੁਰ ਨੇ ਖੁਦ ਮੰਨਿਆ ਹੈ ਕਿ ਉਹ ਲੋਕਾਂ ਤੋਂ ਪੈਸੇ ਲੈਂਦੇ ਸੀ। ਉਨ੍ਹਾਂ ਮਨੀਸ਼ ਸਿਸੋਦੀਆ ਕੋਲ ਵੀ ਮੰਨਿਆ ਕਿ ਮੈਂ ਪੈਸਾ ਲੈਂਦਾ ਸੀ। ਇਸ ਤੋਂ ਬਾਅਦ ਹੀ ਪਾਰਟੀ ਨੇ ਉਨ੍ਹਾਂ ਖ਼ਿਲਾਫ ਐਕਸ਼ਨ ਲਿਆ। ਜਦੋਂ ਸ਼ੇਰਗਿੱਲ ਤੋਂ ਕਥਿਤ ਸਟਿੰਗ ਬਾਰੇ ਪੁੱਛਿਆ ਗਿਆ ਤਾਂ ਸ਼ੇਰਗਿੱਲ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਆਮ ਆਦਮੀ ਪਾਰਟੀ ਕੋਲ ਆਮ ਲੋਕਾਂ ਦੇ ਫੰਡ ਆਉਂਦੇ ਹਨ। ਇਹ ਪਾਰਟੀ ਕਾਂਗਰਸ ਜਾਂ ਬੀਜੇਪੀ ਵਾਂਗ ਅੰਬਾਨੀ ਜਾਂ ਅਡਾਨੀ ਤੋਂ ਫੰਡ ਨਹੀਂ ਲੈਂਦੀ ਹੈ। ਇਸ ਲਈ ਛੋਟੇਪੁਰ ਦਾ ਬਿਨਾਂ ਰਸੀਦ ਤੋਂ ਲੋਕਾਂ ਤੋਂ ਫੰਡ ਲੈਣਾ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਛੋਟੇਪੁਰ ਕਹਿੰਦੇ ਹਨ ਕਿ ਪਾਰਟੀ ਦਾ ਕੋਈ ਖਾਤਾ ਨਹੀਂ ਹੈ ਜੋ ਕਿ ਬੇਹੱਦ ਗਲਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 14 ਖਾਤੇ ਹਨ ਤੇ ਹਰ ਪੈਸੇ ਦਾ ਹਿਸਾਬ ਆਮ ਆਦਮੀ ਪਾਰਟੀ ਕੋਲ ਹੈ।