ਫ਼ਿਰੋਜ਼ਪੁਰ: ਐਤਵਾਰ- ਸੋਮਵਾਰ ਦਰਮਿਆਨੀ ਰਾਤ ਨੂੰ ਸ਼ਹਿਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਕਾਰ ਦੀ ਸੜਕ ਕੰਢੇ ਖੜ੍ਹੀ ਕੰਬਾਈਨ ਨਾਲ ਟੱਕਰ ਹੋਣ ਕਾਰਨ ਪੁਲਿਸ ਅਧਿਕਾਰੀ ਦੀ ਮੌਤ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਇੰਸਪੈਕਟਰ ਜੇਜੇ ਸਿੰਘ ਅਟਵਾਲ ਵਜੋਂ ਹੋਈ ਹੈ। ਅਟਵਾਲ ਮੋਗਾ ਥਾਣੇ ਵਿੱਚ ਬਤੌਰ ਐਸਐਚਓ ਤਾਇਨਾਤ ਸਨ।

ਹਾਦਸਾ ਉਦੋਂ ਵਾਪਰਿਆ ਜਦ ਰਾਤ ਦੇ ਦੋ ਵਜੇ ਐਸਐਚਓ ਆਪਣੀ ਕਾਰ ਵਿੱਚ ਡਿਊਟੀ ਤੋਂ ਵਾਪਸ ਫ਼ਿਰੋਜ਼ਪੁਰ ਸਥਿਤ ਆਪਣੇ ਘਰ ਪਰਤ ਰਹੇ ਸਨ ਅਤੇ ਸੜਕ ਕੰਢੇ ਖੜ੍ਹੀ ਕੰਬਾਈਨ ਨਾਲ ਉਨ੍ਹਾਂ ਦੀ ਕਾਰ ਟਕਰਾਅ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਣੇਦਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸਾ ਥਾਣਾ ਕੈਂਟ ਦੇ ਸਾਹਮਣੇ ਵਾਪਰਿਆ ਸੀ ਤੇ ਪੁਲਿਸ ਤੁਰੰਤ ਘਟਨਾ ਸਥਾਨ `ਤੇ ਪਹੁੰਚ ਗਈ ਪਰ ਐਸਐਚਓ ਨੂੰ ਬਚਾਇਆ ਨਹੀਂ ਜਾ ਸਕਿਆ। ਘਟਨਾ ਸਥਾਨ `ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।