ਬਾਗ਼ੀ ਥਾਣੇਦਾਰ ਬਾਜਵਾ 'ਤੇ ਪੁਲਿਸ ਨੇ ਪਾਇਆ 'ਇਹ ਕੇਸ'
ਏਬੀਪੀ ਸਾਂਝਾ | 11 May 2018 02:26 PM (IST)
ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਥਾਣਾ ਮਹਿਤਪੁਰ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਜਵਾ 'ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਬਾਰਾਂਦਰੀ ਥਾਣੇ ਦੇ ਮੁਖੀ ਬਲਵੀਰ ਸਿੰਘ ਮੁਤਾਬਕ ਬਾਜਵਾ ਨੇ ਕੋਰਟ ਰੂਮ ਦੇ ਬਾਹਰ ਗਾਰਡ ਨੂੰ ਧੱਕਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਜਵਾ ਦੇ ਵਕੀਲ ਸੰਦੀਪ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਲੈਣ ਲਈ ਐਸਐਚਓ ਨੇ ਜਲੰਧਰ ਦੀ ਸੈਸ਼ਨ ਕੋਰਟ ਵਿੱਚ ਅਰਜ਼ੀ ਦਿੱਤੀ ਸੀ, ਪਰ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ। ਜਦ ਉਹ ਬਾਹਰ ਨਿੱਕਲੇ ਤਾਂ ਬਾਰਾਂਦਰੀ ਥਾਣੇ ਦੇ ਮੁਖੀ ਪੁਲਿਸ ਫੋਰਸ ਨਾਲ ਬਾਜਵਾ ਨੂੰ ਫੜਨ ਲਈ ਪਹੁੰਚੇ ਹੋਏ ਸੀ। ਕੋਰਟ ਦੇ ਬਾਹਰੋਂ ਬਾਜਵਾ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਬਾਰਾਂਦਰੀ ਥਾਣੇ ਲਿਜਾਣ ਤੋਂ ਬਾਅਦ ਬਾਜਵਾ 'ਤੇ ਪਰਚਾ ਦਰਜ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਐ ਕਿ SHO ਬਾਜਵਾ ਹਥਿਆਰ ਸਣੇ ਕੋਰਟ ਵਿੱਚ ਗਏ ਸੀ, ਪਰ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਮੌਕੇ 'ਤੇ ਪੁਲਿਸ ਨੇ ਬਾਜਵਾ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਕੀਤਾ। ਖਾਸ ਗੱਲ ਇਹ ਹੈ ਕਿ ਐਸਐਚਓ ਬਾਜਵਾ ਦਾ ਪੂਰਾ ਹੁਲੀਆ ਬਦਲਿਆ ਹੋਇਆ ਸੀ। ਥਾਣੇਦਾਰ ਨੇ ਚਾਰ ਮਈ ਨੂੰ ਸ਼ਾਹਕੋਟ ਦੇ ਮਹਿਤਪੁਰ ਥਾਣੇ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਚਾਰ ਜਣਿਆਂ 'ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕੀਤਾ ਸੀ, ਉਸ ਤੋਂ ਬਾਅਦ ਇੰਸਪੈਕਟਰ ਬਾਜਵਾ ਛੁੱਟੀ 'ਤੇ ਚੱਲ ਰਿਹਾ ਸੀ। ਇਸ ਦੌਰਾਨ ਐਸਐਚਓ ਨੇ ਪੰਜਾਬ ਦੇ ਸੀਐਸ ਅਮਰਿੰਦਰ ਸਿੰਘ ਨੂੰ ਲੈਕੇ ਵੀ ਮੀਡੀਆ ਵਿੱਚ ਬਿਆਨ ਦਿੱਤਾ ਸੀ। ਦੋ ਦਿਨ ਪਹਿਲਾਂ ਏਬੀਪੀ ਸਾਂਝਾ ਦੇ ਪੱਤਰਕਾਰ ਇਮਰਾਨ ਖ਼ਾਨ ਨਾਲ ਇੰਸਪੈਕਟਰ ਬਾਜਵਾ ਨੇ ਲੰਮੀ ਗੱਲਬਾਤ ਕੀਤੀ ਸੀ, ਉਨ੍ਹਾਂ ਦਾ ਪੂਰਾ ਇੰਟਰਵਿਊ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ 'ਤੇ ਵੇਖ ਸਕਦੇ ਹੋ।