ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਸੂਤਰਾਂ ਮੁਤਾਬਕ ਐਸਐਚਓ ਨੂੰ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਹਾਲੇ ਤਕ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਥਾਣਾ ਮੁਖੀ ਹਥਿਆਰ ਲੈ ਕੇ ਅਦਾਲਤ ਵਿੱਚ ਦਾਖ਼ਲ ਹੋਇਆ ਸੀ, ਪਰ ਉਸ ਦੇ ਵਕੀਲ ਸੰਦੀਪ ਸ਼ਰਮਾ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ।
ਬਾਜਵਾ ਆਪਣੀ ਸੁਰੱਖਿਆ ਲਈ ਜਲੰਧਰ ਅਦਾਲਤ ਵਿੱਚ ਗਿਆ ਸੀ, ਉੱਥੋਂ ਹੀ ਪੁਲਿਸ ਨੇ ਉਸ ਨੂੰ ਚੁੱਕ ਲਿਆ ਤੇ ਬਾਰਾਂਦਰੀ ਥਾਣੇ ਲੈ ਗਈ। ਐਸਐਚਓ ਬਾਜਵਾ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਜ਼ਿੰਦਗੀ ਸਮੇਤ ਪੁਲਿਸ ਤੇ ਸਿਆਸਤਦਾਨਾਂ ਬਾਰੇ ਮੀਡੀਆ ਵਿੱਚ ਕਾਫੀ ਖੁੱਲ੍ਹ ਕੇ ਬੋਲਿਆ ਸੀ। ਇਸ ਤੋਂ ਬਾਅਦ ਸ਼ਾਹਕੋਟ ਚੋਣ ਵਿੱਚ ਇਹ ਇੱਕ ਸਿਆਸੀ ਮੁੱਦਾ ਹੀ ਬਣ ਗਿਆ ਸੀ।
ਪਰਚਾ ਦਰਜ ਕਰਨ ਤੋਂ ਬਾਅਦ ਥਾਣਾ ਮੁਖੀ ਦੇ ਅਸਤੀਫ਼ੇ ਬਾਰੇ ਵੀ ਕਾਫੀ ਭੰਬਲਭੂਸਾ ਪਿਆ ਤੇ ਉਦੋਂ ਤੋਂ ਉਹ ਛੁੱਟੀ 'ਤੇ ਚੱਲ ਰਿਹਾ ਹੈ ਤੇ ਹੋਟਲ ਵਿੱਚ ਹੀ ਠਹਿਰਿਆ ਹੋਇਆ ਸੀ। ਪਰਮਿੰਦਰ ਸਿੰਘ ਬਾਜਵਾ ਨੇ ਬੀਤੀ ਚਾਰ ਮਈ ਨੂੰ ਸਵੇਰੇ ਚਾਰ ਵਜੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕੁੱਲ ਚਾਰ ਲੋਕਾਂ ਵਿਰੁੱਧ ਨਾਜਾਇਜ਼ ਮਾਈਨਿੰਗਰ ਦਾ ਕੇਸ ਦਰਜ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਮਾਮਲੇ ਕਰ ਕੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ।