ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਚਾਰ ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਅਗਲੇ ਹੀ ਦਿਨ ਵੱਡਾ ਝਟਕਾ ਲੱਗਾ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਿਆਸੀ ਅਹੁਦੇ 'ਤੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ ਇਸ ਬਾਰੇ ਸਿੱਧੂ ਨੂੰ ਜਾਣੂ ਕਰਵਾ ਦਿੱਤਾ ਹੈ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਆਪਣੇ ਨਵੇਂ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਸਮਝੇ ਜਾਂਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਪੰਜਾਬ ਵਜ਼ਾਰਤ ਵਿੱਚ ਟਰਾਂਸਪੋਰਟ ਮੰਤਰੀ ਹਨ। ਅਜਿਹੇ ਵਿੱਚ ਮੁਹੰਮਦ ਮੁਸਤਫ਼ਾ ਦਾ ਸਿੱਧੂ ਦੇ ਸਲਾਹਕਾਰ ਬਣਨ 'ਤੇ ਨਵੀਂ ਚਰਚਾ ਛਿੜ ਗਈ ਸੀ।
ਸਿੱਧੂ ਨੇ ਮੁਸਤਫ਼ਾ ਤੋਂ ਇਲਾਵਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਮਾਲਵਿੰਦਰ ਸਿੰਘ ਮਾਲੀ ਤੇ ਡਾ. ਪਿਆਰੇ ਲਾਲ ਗਰਗ ਨੂੰ ਆਪਣੇ ਸਲਾਹਕਾਰਾਂ ਦੀ ਟੀਮ ’ਚ ਸ਼ਾਮਲ ਕੀਤਾ ਹੈ। ਸਿੱਧੂ ਨੇ ਪੱਤਰ ਜਾਰੀ ਕਰਦਿਆਂ ਟਵੀਟ ਕੀਤਾ ਸੀ ਕਿ ਉਹ ਵਿਦਵਤਾ ਭਰਪੂਰ ਸਲਾਹ ਮਸ਼ਵਰੇ ਲਈ ਚਾਰ ਸਲਾਹਕਾਰ ਨਿਯੁਕਤ ਕਰ ਰਹੇ ਹਨ ਜਿਨ੍ਹਾਂ ਦੇ ਹਰੇਕ ਪੰਜਾਬੀ ਦੇ ਸੁਨਹਿਰੇ ਭਵਿੱਖ ਦੀ ਉਸਾਰੀ ਬਾਰੇ ਨਜ਼ਰੀਏ ਤੇ ਉਨ੍ਹਾਂ ਦੇ ਕੰਮ ਕਰਕੇ ਨਿੱਜੀ ਤੌਰ ’ਤੇ ਸਤਿਕਾਰ ਕਰਦਾ ਹਾਂ।
ਉਧਰ, ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਨਵਜੋਤ ਸਿੱਧੂ ਬੇਦਾਗ਼ ਸ਼ਖ਼ਸੀਅਤ ਹਨ ਤੇ ਮੁੱਦਿਆਂ ਦੀ ਨੀਤੀ ’ਤੇ ਚੱਲ ਰਹੇ ਹਨ। ਡਾ. ਗਰਗ ਨੇ ਕਿਹਾ ਕਿ ਉਹ ਨਾ ਤਾਂ ਕਾਂਗਰਸੀ ਬਣਨਗੇ, ਨਾ ਹੀ ਕੋਈ ਅਹੁਦਾ ਲੈਣਗੇ ਤੇ ਨਾ ਹੀ ਕਿਤੇ ਦਫ਼ਤਰ ਵਿੱਚ ਬੈਠਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਜੋਤ ਸਿੱਧੂ ਸਲਾਹ ਮੰਗਣਗੇ ਜਾਂ ਸਲਾਹਕਾਰਾਂ ਦੀ ਮੀਟਿੰਗ ਬੁਲਾਉਣਗੇ ਤਾਂ ਉਦੋਂ ਉਹ ਜ਼ਰੂਰ ਸਲਾਹ ਦੇਣ ਲਈ ਜਾਣਗੇ।
ਇਹ ਵੀ ਪੜ੍ਹੋ: ਵੈਨ ਡਰਾਈਵਰ ਫਿਲਮੀ ਅੰਦਾਜ 'ਚ ਬੈਂਕ ਦੇ 20 ਕਰੋੜ ਰੁਪਏ ਲੈ ਕੇ ਫਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904