ਅੰਮ੍ਰਿਤਸਰ: ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਅਹਿਮ ਮੀਟਿੰਗ ਹੋਈ।



ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਦੱਸਿਆ ਕਿ ਵਪਾਰੀਆਂ ਦੀ ਮੰਗ ਅਨੁਸਾਰ ਹੋਲ ਸੇਲ ਬਾਜ਼ਾਰ ਪਹਿਲਾਂ ਹੀ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੋਲ ਦਿੱਤੇ ਗਏ ਸਨ। ਹੁਣ ਵਪਾਰੀਆਂ ਦੀ ਮੰਗ ਅਨੁਸਾਰ ਹੀ ਪ੍ਰਚੂਨ ਵਿਕਰੇਤਾ ਸਵੇਰੇ 10:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ।




ਸੋਨੀ ਨੇ ਦੱਸਿਆ ਕਿ ਚੌੜੀਆਂ ਸੜਕਾਂ 'ਤੇ ਇੱਕ ਦਿਨ ਸੱਜੇ ਪਾਸੇ ਤੇ ਇੱਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਭੀੜੇ ਬਾਜ਼ਾਰਾਂ ਨੂੰ ਤਿੰਨ ਜ਼ੋਨਾ ਵਿੱਚ ਵੰਡਿਆ ਗਿਆ ਹੈ ਤੇ ਇਨ੍ਹਾਂ ਜ਼ੋਨਾਂ ਵਿੱਚ ਇੱਕ ਦਿਨ ਏ ਜ਼ੋਨ, ਦੂਜੇ ਦਿਨ ਬੀ ਜੋਨ ਤੇ ਤੀਜੇ ਦਿਨ ਸੀ ਜੋਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ।




ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਣ ਦੇਣ। ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਵਪਾਰੀਆਂ ਨੂੰ ਦੱਸਿਆ ਕਿ ਸੈਲੂਨ, ਜਿਮ, ਮਾਲ, ਸਪਾ, ਬਿਊਟੀ ਪਾਰਲਰ, ਵਰਗੀਆਂ ਦੁਕਾਨਾਂ ਬਿਲਕੁਲ ਨਹੀਂ ਖੁੱਲ੍ਹਣਗੀਆਂ।