ਚੰਡੀਗੜ੍ਹ: ਪੰਜਾਬ ਦੇ ਆਈਪੀਐਸ ਅਫ਼ਸਰ ਸਿਧਾਰਥ ਚਟੌਪਾਧਿਆਏ ਨੇ ਡੀਜੀਪੀ ਦਿਨਕਰ ਗੁਪਤਾ ਦੀ ਚੋਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਡੀਜੀਪੀ ਦੀ ਨਿਯੁਕਤੀ ਨੂੰ ਚੁਣੌਤੀ ਦਿੰਦਿਆਂ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (CAT) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਡੀਜੀਪੀ ਦੀ ਚੋਣ ਵੇਲੇ ਸੀਨੀਆਰਤਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੀ ਪਟੀਸ਼ਨ ’ਤੇ CAT ਨੇ 27 ਮਾਰਚ ਨੂੰ ਜਵਾਬ ਤਲਬ ਕੀਤਾ ਹੈ।
ਯਾਦ ਰਹੇ ਆਈਪੀਐਸ ਅਫ਼ਸਰ ਸਿਧਾਰਥ ਚਟੌਪਾਧਿਆਏ ਤੋਂ ਪਹਿਲਾਂ ਆਈਪੀਐਸ ਅਫ਼ਸਰ ਮੁਹੰਮਦ ਮੁਸਤਫਾ ਵੀ ਇਸੇ ਮੁੱਦੇ ’ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਚੁੱਕੇ ਸਨ ਪਰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਇਨ੍ਹਾਂ ਦੋਵਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਨਲ ਦੀ ਚੋਣ ਕੀਤੇ ਜਾਣ ਸਮੇਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਅਣਦੇਖੀ ਕੀਤੀ ਗਈ ਹੈ।
ਦਰਅਸਲ ਇਲਜ਼ਾਮ ਲੱਗ ਰਹੇ ਹਨ ਕਿ ਡੀਜੀਪੀ ਦਿਨਕਰ ਗੁਪਤਾ ਦੀ ਚੋਣ ਕਈ ਸੀਨੀਅਰ ਅਫਸਰਾਂ ਨੂੰ ਪਾਸੇ ਕਰਕੇ ਹੋਈ ਹੈ। ਯੂਪੀਐਸਸੀ ਵੱਲੋਂ ਭੇਜੇ ਪੈਨਲ ਵਿੱਚ 1985 ਬੈਚ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੌਪਾਧਿਆਏ ਨੂੰ ਲਾਂਭੇ ਕਰ ਦਿੱਤਾ ਗਿਆ ਸੀ। ਮੁਸਤਫ਼ਾ ਡੀਜੀਪੀ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸੀ।
ਮੁਹੰਮਦ ਮੁਸਤਫ਼ਾ ਤੇ ਸਿਧਾਰਥ ਚਟੌਪਾਧਿਆਏ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਡੀਜੀਪੀ ਦੀ ਨਿਯੁਕਤੀ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ। ਇਸ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਪਰ ਯੂਪੀਐਸਸੀ ਵੱਲੋਂ ਜੇ ਕਿਸੇ ਪੁਲਿਸ ਅਧਿਕਾਰੀ ਨਾਲ ਬਿਨਾਂ ਠੋਸ ਕਾਰਨ ਦੇ ਹੀ ਨਾਇਨਸਾਫ਼ੀ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ਼ ਅਦਾਲਤ ਦਾ ਦਰ ਖੜਕਾਇਆ ਜਾ ਸਕਦਾ ਹੈ।