ਲੁਧਿਆਣਾ: ਆਮ ਆਦਮੀ ਪਾਰਟੀ ਦੇ ਲੀਡਰ ਸ਼ਹਿਰ ਦੇ ਕੋਚਰ ਮਾਰਕਿਟ ਚੌਕ ਨੇੜੇ ਸੀਐਲਯੂ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ’ਖਿਲਾਫ ਧਰਨਾ ਦੇ ਰਹੇ ਸੀ ਕਿ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਲੀਡਰ ਭਾਰਤ ਭੂਸ਼ਣ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਇਸ ਦੌਰਾਨ ਪਾਰਟੀ ਲੀਡਰਾਂ ਨੇ ਸਪਸ਼ਟ ਕੀਤਾ ਕਿ ਜਦੋਂ ਤਕ ਕੈਬਨਿਟ ਮੰਤਰੀ ਆਸ਼ੂ ਦਾ ਅਸਤੀਫਾ ਨਹੀਂ ਲਿਆ ਜਾਂਦਾ, ਉਦੋਂ ਤਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਦੀ ਵੀ ਗੱਲ ਕਹੀ।
ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਕਿ ਉਨ੍ਹਾਂ ਸੀਐਲਯੂ ਮਾਮਲੇ ਵਿੱਚ ਕੈਬਨਿਟ ਮੰਤਰੀ ਆਸ਼ੂ ਦਾ ਅਸਤੀਫਾ ਮੰਗਿਆ ਸੀ ਤੇ ਉਹ ਆਪਣੇ ਸਟੈਂਡ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਰਾਜਪਾਲ ਨੂੰ ਵੀ ਮਿਲੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਚੀਮਾ ਨੇ ਇਲਜ਼ਾਮ ਲਾਇਆ ਕਿ ਇਸ ਪੂਰੇ ਮਾਮਲੇ ਵਿੱਚ ਨਗਰ ਨਿਗਮ ਦਾ ਰੋਲ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਸਬੰਧੀ ਉਨ੍ਹਾਂ ਨਗਰ ਨਿਗਮ ਵੱਲੋਂ ਜਾਰੀ ਹੁਕਮ ਤੇ ਮਾਫੀ ਨਾਲ ਸਬੰਧਿਤ ਪੱਤਰ ਵੀ ਮੀਡੀਆ ਸਾਹਮਣੇ ਪੇਸ਼ ਕੀਤੇ। ਦਿੱਲੀ ਵਿੱਚ ਕਾਂਗਰਸ-ਆਪ ਦੇ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਦਾ ਬੇਸ਼ੱਕ ਗਠਜੋੜ ਹੋਏ, ਪਰ ਉਹ ਆਸ਼ੀ ਦਾ ਅਸਤੀਫਾ ਲੈਣ ’ਤੇ ਟਿਕੇ ਹਨ।