ਨਵੀਂ ਦਿੱਲੀ: ਝੋਨੇ ਦੀ ਪਰਾਲੀ ਸਾੜਨ 'ਤੇ ਸਿਆਸਤ ਤਾਂ ਕਾਫੀ ਹੁੰਦੀ ਪਰ ਇਸ ਦਾ ਹੱਲ ਕੋਈ ਨਹੀਂ ਲੱਭ ਰਿਹਾ। ਇਸ ਸਮੱਸਿਆ ਨਾਲ ਆਮ ਲੋਕਾਂ ਤੋਂ ਇਲਾਵਾ ਕਿਸਾਨ ਵੀ ਜੂਝ ਰਹੇ ਹਨ। ਅਹਿਮ ਗੱਲ ਹੈ ਕਿ ਇਸ ਨਾਲ ਸਾਲਾਨਾ 30 ਅਰਬ ਡਾਲਰ ਯਾਨੀ ਕਰੀਬ ਦੋ ਲੱਖ ਕਰੋੜ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ।
ਕਾਬਲੇਗੈਰ ਹੈ ਕਿ ਉੱਤਰੀ ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ ਤੇ ਦਿੱਲੀ ’ਚ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹਰ ਸਾਲ ਇਸ ਉੱਪਰ ਸਿਆਸਤ ਹੁੰਦੀ ਹੈ। ਕੁਝ ਸਮੇਂ ਬਾਅਦ ਫਿਰ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਇਸ ਨਾਲ ਸਾਲਾਨਾ 30 ਅਰਬ ਡਾਲਰ ਯਾਨੀ ਕਰੀਬ ਦੋ ਲੱਖ ਕਰੋੜ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਇਹ ਖੁਲਾਸਾ ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਤੇ ਸਹਿਯੋਗੀ ਸੰਸਥਾਵਾਂ ਦੇ ਖੋਜੀਆਂ ਨੇ ਕੀਤਾ ਹੈ।
ਉਨ੍ਹਾਂ ਦੀਵਾਲੀ ਦੌਰਾਨ ਆਤਿਸ਼ਬਾਜ਼ੀ ਕਰਕੇ ਸਿਹਤ ’ਤੇ ਪੈਣ ਵਾਲੇ ਅਸਰ ਬਾਰੇ ਵੀ ਪੜਤਾਲ ਕੀਤੀ ਹੈ। ਖੋਜੀਆਂ ਨੇ ਕਿਹਾ ਕਿ ਆਤਿਸ਼ਬਾਜ਼ੀ ਚਲਾਉਣ ਕਰਕੇ ਹਵਾ ਪ੍ਰਦੂਸ਼ਨ ਨਾਲ ਕਰੀਬ 7 ਅਰਬ ਡਾਲਰ ਜਾਂ ਕਰੀਬ 50 ਹਜ਼ਾਰ ਕਰੋੜ ਰੁਪਏ ਸਾਲਾਨਾ ਦਾ ਨੁਕਸਾਨ ਹੁੰਦਾ ਹੈ।
ਪਿਛਲੇ ਪੰਜ ਸਾਲਾਂ ’ਚ ਫ਼ਸਲੀ ਰਹਿੰਦ ਖੂੰਹਦ ਸਾੜਨ ਤੇ ਆਤਿਸ਼ਬਾਜ਼ੀ ਚਲਾਉਣ ਨਾਲ ਅੰਦਾਜ਼ਨ 190 ਅਰਬ ਡਾਲਰ ਜਾਂ ਕੁੱਲ ਜੀਡੀਪੀ ਦਾ ਕਰੀਬ 1.7 ਫ਼ੀਸਦੀ ਨੁਕਸਾਨ ਹੋਇਆ ਹੈ। ਅਮਰੀਕਾ ’ਚ ਵਾਸ਼ਿੰਗਟਨ ਯੂਨੀਵਰਸਿਟੀ ਦੀ ਸੁਮਨ ਚਕਰਵਰਤੀ ਨੇ ਕਿਹਾ ਕਿ ਸਰਦੀਆਂ ’ਚ ਉੱਤਰੀ ਭਾਰਤ ’ਚ ਹੈਲਥ ਐਮਰਜੈਂਸੀ ਵਾਲੇ ਹਾਲਾਤ ਬਣ ਜਾਂਦੇ ਹਨ।
ਉਨ੍ਹਾਂ ਨੇ ਪਾਇਆ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਉੱਤਰੀ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਹ ਲੈਣ ’ਚ ਔਖਿਆਈ ਸਬੰਧੀ ਇਨਫੈਕਸ਼ਨ ਹੋਣ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ। ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਨਫੈਕਸ਼ਨ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ।
ਇੰਸਟੀਚਿਊਟ ਦੇ ਰਿਸਰਚ ਫੈਲੋ ਤੇ ਅਧਿਐਨ ਦੇ ਸਹਿ ਲੇਖਕ ਸੈਮੁਅਲ ਸਕੌਟ ਨੇ ਕਿਹਾ ਕਿ ਹਵਾ ਦੀ ਖ਼ਰਾਬ ਗੁਣਵੱਤਾ ਦੁਨੀਆਂ ਭਰ ’ਚ ਸਿਹਤ ਨਾਲ ਜੁੜੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਦਿੱਲੀ ’ਚ ਤਾਂ ਹਵਾ ’ਚ ਜ਼ਹਿਰੀਲੇ ਕਣਾਂ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਤੋਂ 20 ਗੁਣਾ ਤਕ ਵੱਧ ਗਿਆ ਹੈ।
ਅਧਿਐਨ ਦੌਰਾਨ ਪਿੰਡਾਂ ਤੇ ਸ਼ਹਿਰਾਂ ’ਚ ਰਹਿੰਦੇ ਹਰ ਉਮਰ ਵਰਗ ਦੇ ਢਾਈ ਲੱਖ ਤੋਂ ਵੱਧ ਲੋਕਾਂ ਦੇ ਸਿਹਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਨਾਸਾ ਦੇ ਸੈਟੇਲਾਈਟ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਦੀ ਵੀ ਵਰਤੋਂ ਕੀਤੀ ਹੈ।