ਚੰਡੀਗੜ੍ਹ: ਦੇਸੀ ਸ਼ਰਾਬ ਨੂੰ ਆਮ ਭਾਸ਼ਾ ਵਿੱਚ ਕੱਚੀ ਦਾਰੂ ਵੀ ਕਿਹਾ ਜਾਂਦਾ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਰ ਕੱਚੀ ਸ਼ਰਾਬ ਕੱਢਣ ਲੱਗਿਆਂ ਉਹ ਕਿਹੜੀ ਗ਼ਲਤੀ ਰਹਿ ਹੁੰਦੀ ਹੈ ਜਿਸ ਕਰਕੇ ਇਹ ਸ਼ਰਾਬ ਜਾਨਲੇਵਾ ਬਣ ਜਾਂਦੀ ਹੈ। ਦਹਾਕਿਆਂ ਤੋਂ ਸ਼ਰਾਬ ਵਿੱਚ ਮਿਲਾਵਟ ਦਾ ਕਾਰੋਬਾਰ ਜਾਰੀ ਹੈ। ਦਰਅਸਲ ਕੱਚੀ ਸ਼ਰਾਬ ਨੂੰ ਜ਼ਿਆਦਾ ਨਸ਼ੀਲੀ ਬਣਾਉਣ ਦੇ ਚੱਕਰ ਵਿੱਚ ਹੀ ਇਹ ਜ਼ਹਿਰੀਲੀ ਬਣ ਜਾਂਦੀ ਹੈ।
ਆਮ ਤੌਰ ’ਤੇ ਦੇਸੀ ਸ਼ਰਾਬ ਨੂੰ ਗੁੜ ਦੇ ਸ਼ੀਰੇ ਤੋਂ ਤਿਆਰ ਕੀਤਾ ਜਾਂਦਾ ਹੈ ਪਰ ਹੋਰ ਨਸ਼ੀਲੀ ਬਣਾਉਣ ਲਈ ਇਸ ਵਿੱਚ ਯੂਰੀਆ ਤੇ ਬੇਸਰਮਬੇਲ ਦੀਆਂ ਪੱਤੀਆਂ ਪਾ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਧੇਰੇ ਨਸ਼ੀਲੇਪਣ ਲਈ ਇਸ ਵਿੱਚ ਆਕਸੀਟੋਸਿਨ ਵੀ ਮਿਲਾਇਆ ਜਾਂਦਾ ਹੈ ਤੇ ਇਹੀ ਬੰਦੇ ਦੀ ਮੌਤ ਦਾ ਕਾਰਨ ਬਣਦਾ ਹੈ।
ਕੱਚੀ ਸ਼ਰਾਬ ਵਿੱਚ ਯੂਰੀਆ ਤੇ ਆਕਸੀਟੋਸਿਨ ਵਰਗੇ ਰਸਾਇਣ ਮਿਲਾ ਦੇਣ ਕਰਕੇ ਮਿਥਾਈਲ ਅਲਕੋਹਲ ਬਣ ਜਾਂਦਾ ਹੈ ਜੋ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਵਿਗਿਆਨੀਆਂ ਮੁਤਾਬਕ ਸਰੀਰ ਵਿੱਚ ਜਾਂਦਿਆਂ ਹੀ ਕੈਮੀਕਲ ਰੀਐਕਸ਼ਨ ਤੇਜ਼ ਹੋ ਜਾਂਦੀ ਹੈ। ਇਸ ਨਾਲ ਸਰੀਰ ਦੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਤੇ ਤੁਰੰਤ ਬੰਦੇ ਦੀ ਮੌਤ ਹੋ ਜਾਂਦੀ ਹੈ।
ਹਾਲ ਹੀ ਦੇ ਸਾਲਾਂ ਵਿੱਚ ਆਕਸੀਟੋਸਿਨ ਸਬੰਧੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਕਸੀਟੋਸਿਨ ਨਾਲ ਨਿਪੁੰਸਕਤਾ ਤੇ ਨਰਵਸ ਸਿਸਟਮ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਸ਼ਰਾਬ ਨੂੰ ਪੀਣ ਨਾਲ ਅੱਖਾਂ ਵਿੱਚ ਜਲਣ, ਖਾਰਸ਼ ਤੇ ਪੇਟ ਵਿੱਚ ਵੀ ਜਲਣ ਹੋ ਸਕਦੀ ਹੈ। ਲੰਮੇ ਸਮੇਂ ਤਕ ਇਹ ਸ਼ਰਾਬ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।