ਹੁਸ਼ਿਆਰਪੁਰ: ਸਾਊਦੀ ਅਰਬ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨ ਦਾ ਜੇਲ੍ਹ ਅੰਦਰ ਹੀ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸਤਵਿੰਦਰ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫ਼ਦਰਪੁਰ ਕੁਲੀਆ ਦਾ ਰਹਿਣ ਵਾਲਾ ਸੀ ਜੋ ਪਿਛਲੇ 4 ਸਾਲਾਂ ਤੋਂ ਸਾਊਦੀ ਅਰਬ ਵਿੱਚ ਕਿਸੇ ਨਾਲ ਝਗੜਾ ਹੋਣ ਕਰਕੇ ਜੇਲ੍ਹ ਕੱਟ ਰਿਹਾ ਸੀ। ਦੂਜਾ ਨੌਜਵਾਨ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ।
ਸਤਵਿੰਦਰ ਕੁਮਾਰ ਦੇ ਪਰਿਵਾਰ ਨੂੰ ਫੋਨ ’ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਪਿੱਛੋਂ ਪਰਿਵਾਰ ਵਿੱਚ ਹੜਕੰਪ ਮੱਚ ਗਿਆ। ਪਰਿਵਾਰ ਨੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨਾਲ ਸੰਪਰਕ ਕਰਕੇ ਭਾਰਤ ਸਰਕਾਰ ਨੂੰ ਸਤਵਿੰਦਰ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਦੀ ਗੁਹਾਰ ਲਾਈ ਹੈ।
ਸਤਵਿੰਦਰ ਕੁਮਾਰ 2013 ਵਿੱਚ ਕਮਾਈ ਕਰਨ ਲਈ ਸਾਊਦੀ ਗਿਆ ਸੀ ਪਰ ਉੱਥੇ ਮਾਮੂਲੀ ਝਗੜੇ ਕਰਕੇ ਸਾਊਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ 4 ਸਾਲਾਂ ਤੋਂ ਉਹ ਜੇਲ੍ਹ ’ਚ ਬੰਦ ਹੈ। ਉਹ ਸਾਊਦੀ ਦੀ ਇੱਕ ਕੰਪਨੀ ਅਲ ਮਜ਼ੀਦ ਵਿੱਚ ਕੰਮ ਕਰਦਾ ਸੀ। ਸਤਵਿੰਦਰ ਨਾਲ ਇੱਕ ਹੋਰ ਲੁਧਿਆਣਾ ਦਾ ਨੌਜਵਾਨ ਵੀ ਜੇਲ੍ਹ ਅੰਦਰ ਕੈਦ ਸੀ।