ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਹੈ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ। ਇਸ ਦੌਰਾਨ ਉਨ੍ਹਾਂ ਬਾਦਲ ਪਰਿਵਾਰ ’ਤੇ ਵਾਰ ਕਰਦਿਆਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਨਿੱਜੀ ਜਾਇਦਾਦ ਬਣਾ ਲਿਆ ਹੈ। ਉਨ੍ਹਾਂ ਟਕਸਾਲੀਆਂ ਦੇ ਕੰਮ ਦੀ ਹਮਾਇਤ ਕੀਤੀ ਕਿ ਉਹ ਜੋ ਵੀ ਕਰ ਰਹੇ ਹਨ, ਉਹ ਠੀਕ ਹੈ। ਇਸ ਮੌਕੇ ਸਿੱਧੂ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਮਾਰਚ ਤੋਂ ਹੀ ਲੋਕ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ।


ਇਸ ਦੌਰਾਨ ਸਿੱਧੂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਵਾਰਾ ਸ਼ਹੀਦਾਂ ਦੇ ਆਲੇ-ਦੁਆਲੇ ਦੀ ਦਿੱਖ ਸਵਰਨ ਲਈ 34 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਾਊਨ ਹਾਲ ਵਿਖੇ ਫ਼ੂਡ ਸਟ੍ਰੀਟ ਬਣਾਈ ਜਾ ਰਹੀ ਹੈ ਜਿਥੇ 124 ਤਰ੍ਹਾਂ ਦੇ ਪਕਵਾਨ ਮਿਲਣਗੇ। ਉਨ੍ਹਾਂ ਸ੍ਰੀ ਹਰਮਿੰਦਰ ਸਾਹਿਬ ਨੂੰ ਜਾਂਦੀਆਂ 4 ਸੜਕਾਂ ’ਤੇ 34 ਕਰੋੜ ਰੁਪਏ ਲਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੈਰ-ਸਪਾਟਾ ਮੰਤਰੀ ਸਿੱਧੂ ਨੇ ਕਿਹਾ ਕਿ ਹਰੀਕੇ ਪੱਤਣ ਵਿੱਚ ਕਸ਼ਮੀਰ ਦੀ ਤਰ੍ਹਾਂ ਸ਼ਿਕਾਰੇ, ਫਲੋਟਿੰਗ ਰੈਸਟੋਰੈਂਟ, ਫਲੋਟਿੰਗ ਹੋਟਲ ਤੇ ਰਾਫਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ।

ਸਿਆਸਤ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਤਕ ਸੁਖਬੀਰ ਬਾਦਲ ਹੈ, ਉਦੋਂ ਤਕ ਉਹ ਹਾਰ ਨਹੀਂ ਸਕਦੇ। ਜਿਹੜੇ ਗ਼ਲਤ ਕੰਮ ਸੁਖਬੀਰ ਬਾਦਲ ਨੇ ਕੀਤੇ, ਉਹ ਕੰਮ ਉਹ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੀਐਮ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਖ਼ੁਦ ਮੋਦੀ ਬਿਨਾ ਬੁਲਾਏ ਪਾਕਿਸਤਾਨ ਜਾ ਕੇ ਜੱਫੀਆਂ ਪਾਉਂਦੇ ਰਹੇ ਪਰ ਉਨ੍ਹਾਂ ’ਤੇ ਉਂਗਲ ਚੁੱਕੀ ਗਈ। ਉਨ੍ਹਾਂ ਸਭ ਨੂੰ ਲਾਂਘੇ ਦਾ ਕ੍ਰੈਡਿਟ ਲੈਣ ਤੋਂ ਵਰਜਿਆ।