ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵਿਸ਼ਵ ਭਰ 'ਚ ਬੈਠੇ ਸਮੁੱਚੇ ਪੰਜਾਬੀਆਂ ਤੇ ਦੇਸ਼ ਭਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਮੰਗ ਕੀਤੀ ਹੈ ਕਿ ਸਾਕਾ ਜੱਲਿਆਂਵਾਲਾ ਬਾਗ਼ ਦੀ ਸ਼ਤਾਬਦੀ 'ਤੇ ਬ੍ਰਿਟਸ਼ ਸਰਕਾਰ ਆਪਣੀ ਹਕੂਮਤ ਦੇ ਉਸ ਕਾਰੇ ਲਈ ਮੁਆਫ਼ੀ ਮੰਗ ਕੇ ਪਸ਼ਚਾਤਾਪ ਕਰੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਵਿਸ਼ੇਸ਼ ਮਤਾ ਸਦਨ 'ਚ ਪੇਸ਼ ਕਰਨ ਲਈ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਲਿਖਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ 13 ਅਪ੍ਰੈਲ, 2019 ਨੂੰ ਸਾਕਾ ਜੱਲਿਆਂਵਾਲਾ ਬਾਗ਼ ਦਾ ਸ਼ਤਾਬਦੀ ਵਰ੍ਹਾ ਸ਼ੁਰੂ ਹੋ ਰਿਹਾ ਹੈ। ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ ਵਿਰੁੱਧ ਪੰਜਾਬੀਆਂ ਦੇ ਬੇਮਿਸਾਲ ਯੋਗਦਾਨ ਦੇ ਮੱਦੇਨਜ਼ਰ ਇਹ ਸ਼ਤਾਬਦੀ ਵਰ੍ਹਾ ਪੰਜਾਬ ਸਮੇਤ ਪੂਰੇ ਦੇਸ਼ ਵਾਸੀਆਂ ਲਈ ਖਾਸ ਅਹਿਮੀਅਤ ਰੱਖਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਹ ਸ਼ਤਾਬਦੀ ਵਰ੍ਹਾ ਵਿਸ਼ੇਸ਼ ਤਿਆਰੀਆਂ ਨਾਲ ਮਨਾਉਣਾ ਚਾਹੀਦਾ ਹੈ। ਚੀਮਾ ਨੇ ਸਪੀਕਰ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ 100 ਸਾਲ ਪਹਿਲਾਂ ਬਰਤਾਨਵੀ ਹਕੂਮਤ ਨੇ ਜੱਲਿਆਂਵਾਲਾ ਬਾਗ਼ 'ਚ ਸ਼ਾਂਤ ਬੈਠੇ 1000 ਤੋਂ ਵੱਧ ਨਿਹੱਥੇ ਆਜ਼ਾਦੀ ਪਰਵਾਨਿਆਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ, ਪਰ ਅੱਜ ਦੁਨੀਆ ਭਰ 'ਚ ਲੋਕਤੰਤਰ ਦਾ ਝੰਡਾ ਬਰਦਾਰ ਬਣੇ ਇੰਗਲੈਂਡ ਨੇ ਜੱਲਿਆਂਵਾਲਾ ਬਾਗ਼ ਨਰਸੰਹਾਰ ਲਈ ਮੁਆਫ਼ੀ ਨਹੀਂ ਮੰਗੀ ਤੇ ਪਸ਼ਚਾਤਾਪ ਨਹੀਂ ਕੀਤਾ। ਜਦਕਿ ਕੈਨੇਡਾ ਦੀ ਪਾਰਲੀਮੈਂਟ ਨੇ ਕਾਮਾਗਾਟਾ ਮਾਰੂ ਸਬੰਧੀ ਆਪਣੀ ਬੇਇਨਸਾਫ਼ੀ ਲਈ ਮੁਆਫ਼ੀ ਮੰਗ ਕੇ ਪਸ਼ਚਾਤਾਪ ਕਰ ਲਿਆ ਹੈ। ਚੀਮਾ ਨੇ ਦੱਸਿਆ ਕਿ ਕੈਨੇਡਾ ਆਧਾਰਤ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੋਹਰੀ ਸਾਹਿਬ ਸਿੰਘ ਥਿੰਦ ਤੇ ਹੋਰ ਮੈਂਬਰਾਂ ਦੀਆਂ ਕੋਸ਼ਿਸ਼ਾਂ ਸਦਕਾ ਕੈਨੇਡਾ ਦੀ ਪਾਰਲੀਮੈਂਟ ਨੇ ਕਾਮਾਗਾਟਾਮਾਰੂ 'ਤੇ ਮੁਆਫ਼ੀ ਮੰਗੀ ਸੀ। ਉਸ ਸੰਸਥਾ ਨੇ ਸਾਹਿਬ ਸਿੰਘ ਥਿੰਦ ਦੀ ਅਗਵਾਈ 'ਚ ਵਿਰੋਧੀ ਧਿਰ ਸਮੇਤ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਆਗੂਆਂ ਨੂੰ ਮਿਲ ਕੇ ਇਹ ਗੈਰ ਸਿਆਸੀ ਮੰਗ ਰੱਖੀ ਹੈ, ਜਿਸ ਦੇ ਆਧਾਰ 'ਤੇ ਸਪੀਕਰ ਨੂੰ ਪੱਤਰ ਲਿਖਿਆ ਗਿਆ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਮਤੇ ਨੂੰ ਭਾਰਤ ਸਰਕਾਰ ਰਾਹੀਂ ਬਰਤਾਨੀਆ ਦੀ ਸਰਕਾਰ ਕੋਲ ਭੇਜਿਆ ਜਾਵੇਗਾ।