ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕੁਰਸੀ ਅਜੇ ਵੀ ਸੁਰੱਖਿਅਤ ਨਹੀਂ। ਬੇਸ਼ੱਕ ਉਨ੍ਹਾਂ ਨੇ ਪਾਰਟੀ ਅੰਦਰ ਉੱਠੀਆਂ ਬਾਗੀ ਸੁਰਾਂ ਨੂੰ ਹਾਲ ਦੀ ਘੜੀ ਸ਼ਾਂਤ ਕਰ ਲਿਆ ਹੈ ਪਰ ਸੀਨੀਅਰ ਲੀਡਰ ਅਜੇ ਵੀ ਸਮਝਦੇ ਹਨ ਕਿ ਸੁਖਬੀਰ ਬਾਦਲ ਨੂੰ ਲਾਂਭੇ ਕੀਤੇ ਬਗੈਰ ਪਾਰਟੀ ਦੀ ਉੱਭਰਨਾ ਸੰਭਵ ਨਹੀਂ। ਪਿਛਲੇ ਦਿਨੀਂ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਮੰਗ ਨੂੰ ਫਿਰ ਹਵਾ ਦੇ ਦਿੱਤੀ ਹੈ।
ਢੀਂਡਸਾ ਦਾ ਕਹਿਣਾ ਹੈ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਸਗੋਂ ਕੁਝ ਨੇਤਾਵਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਨੇਤਾ ਪਿੱਛੇ ਹਟ ਜਾਣ ਤਾਂ ਅਕਾਲੀ ਦਲ ਫਿਰ ਖੜ੍ਹਾ ਹੋ ਸਕਦਾ ਹੈ। ਟਕਸਾਲੀ ਤੇ ਪੁਰਾਣੇ ਅਕਾਲੀ ਜੋ ਹੁਣ ਘਰ ਬੈਠ ਗਏ ਹਨ, ਉਹ ਵੀ ਇਕੱਠੇ ਹੋ ਸਕਦੇ ਹਨ। ਇਹੀ ਗੱਲ ਹੋਰ ਲੀਡਰ ਵੀ ਕਹਿ ਰਹੇ ਹਨ ਪਰ ਉਹ ਸਮੇਂ ਦੀ ਉਡੀਕ ਕਰ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਹੋਣਗੀਆਂ। ਇਹ ਚੋਣਾਂ ਉਨ੍ਹਾਂ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਕੁਝ ਸੀਨੀਅਰ ਲੀਡਰ ਲੋਕ ਸਭਾ ਚੋਣਾਂ ਤੱਕ ਸ਼ਾਂਤ ਹਨ। ਜੇਕਰ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਚੰਗੇ ਨਤੀਜੇ ਨਾ ਰਹੇ ਤਾਂ ਸੁਖਬੀਰ ਬਾਦਲ ਨੂੰ ਬਦਲਣ ਦੀ ਮੰਗ ਉੱਠ ਸਕਦੀ ਹੈ। ਅਜਿਹੀ ਹਾਲਤ ਵਿੱਚ ਲਗਾਤਾਰ ਹਾਰਾਂ ਕਰਕੇ ਸੁਖਬੀਰ ਬਾਦਲ ਨੂੰ ਬਦਲਣ ਦਾ ਤਰਕ ਵੀ ਜਾਇਜ਼ ਹੋਏਗਾ।
ਦਰਅਸਲ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਅਕਾਲੀ ਦਲ ਨੂੰ ਕੋਈ ਵੀ ਜਿੱਤ ਨਸੀਬ ਨਹੀਂ ਹੋਈ। ਉਲਟਾ ਵੱਡੇ ਟਕਸਾਲੀ ਲੀਡਰ ਇੱਕ-ਇੱਕ ਕਰਕੇ ਪਾਰਟੀ ਛੱਡ ਰਹੇ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸੁਖਬੀਰ ਬਾਦਲ ਵੱਡੇ ਸੰਕਟ ਵਿੱਚ ਘਿਰੇ ਹਨ। ਕੁਝ ਟਕਸਾਲੀ ਲੀਡਰ ਪਾਰਟੀ ਛੱਡ ਗਏ ਹਨ ਤੇ ਕੁਝ ਅਜੇ ਚੁੱਪ ਸਾਧੇ ਬੈਠੇ ਹਨ। ਚਰਚਾ ਹੈ ਕਿ ਇਹ ਚੁੱਪੀ ਲੋਕ ਸਭਾ ਚੋਣਾਂ ਤੱਕ ਹੀ ਹੈ।
ਯਾਦ ਰਹੇ ਸਾਲ 2007 ਵਿੱਚ ਸ਼ੁਰੂ ਹੋਏ ਜਿੱਤਾਂ ਦੇ ਸਿਲਸਿਲੇ ਨੇ ਸੁਖਬੀਰ ਬਾਦਲ ਨੂੰ ਵੱਡੇ ਸਿਆਸੀ ਮੁਕਾਮ 'ਤੇ ਪਹੁੰਚਾ ਦਿੱਤਾ ਸੀ। ਇਸ ਮਗਰੋਂ ਸੁਖਬੀਰ ਬਾਦਲ ਹੀ ਹੀ ਸ਼੍ਰੋਮਣੀ ਅਕਾਲੀ ਦਲ ਬਣ ਗਏ। ਉਨ੍ਹਾਂ ਨੇ ਪੂਰਾ ਦਹਾਕਾ ਪਾਰਟੀ ਨੂੰ ਆਪਣੇ ਢੰਗ ਨਾਲ ਚਲਾਇਆ। ਪਾਰਟੀ ਦੀਆਂ ਨੀਤੀਆਂ ਵਿੱਚ ਵੀ ਵੱਡੇ ਪੱਧਰ 'ਤੇ ਤਬਦੀਲੀ ਕਰ ਦਿੱਤੀ। ਇਸ ਉਪਰ ਟਕਸਾਲੀ ਲੀਡਰਾਂ ਨੇ ਸਵਾਲ ਉਠਾਏ ਪਰ ਸੁਖਬੀਰ ਬਾਦਲ ਦੀ ਚੜ੍ਹਤ ਅੱਗੇ ਉਨ੍ਹਾਂ ਦੀ ਆਵਾਜ਼ ਦੱਬ ਕੇ ਰਹਿ ਗਈ।
ਹੁਣ ਸੁਖਬੀਰ ਬਾਦਲ ਖਿਲਾਫ ਸ਼ਰੇਆਮ ਬਗਾਵਤ ਹੋ ਰਹੀ ਹੈ। ਹਾਲ ਦੀ ਘੜੀ ਬਾਦਲ ਪਰਿਵਾਰ ਨੇ ਇਸ ਨੂੰ ਸ਼ਾਂਤ ਕਰ ਲਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥ ਕਮਾਨ ਲੈ ਕੇ ਸੀਨੀਅਰ ਲੀਡਰਾਂ ਨੂੰ ਸਭ ਚੰਗਾ ਹੋਣ ਦਾ ਭਰੋਸਾ ਦਵਾਇਆ ਹੈ। ਇਸ ਦੇ ਬਾਵਜੂਦ ਲੋਕ ਸਭਾ ਚੋਣਾਂ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਹਨ।