ਹੁਸ਼ਿਆਰਪੁਰ: ਸਾਲ 2015 ਵਿੱਚ ਵਾਪਰੇ ਬੇਅਦਬੀ ਅਤੇ ਗੋਲ਼ੀਕਾਂਡਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਹੁਸ਼ਿਆਰਪੁਰ ਤੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਕ ਸ਼ਰਮਾ ਵਿਦੇਸ਼ ਖਿਸਕਣ ਦੀ ਤਿਆਰੀ ਵਿੱਚ ਸਨ, ਇਸ ਲਈ ਐਸਆਈਟੀ ਨੇ ਹੰਗਾਮੀ ਹਾਲਤ ਵਿੱਚ ਕਾਰਵਾਈ ਕੀਤੀ ਹੈ। ਸ਼ਰਮਾ ਤੋਂ ਇਲਾਵਾ ਐਸਆਈਟੀ ਨੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਛਾਪੇਮਾਰੀ ਕੀਤੀ ਸੀ।


ਇਹ ਵੀ ਪੜ੍ਹੋ- ਬੇਅਦਬੀ ਤੇ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ

ਐਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਚਰਨਜੀਤ ਸ਼ਰਮਾ ਦੀ ਗ੍ਰਿਫ਼ਾਤਰੀ ਦੀ ਪੁਸ਼ਟੀ ਕੀਤੀ ਹੈ। ਦਰਅਸਲ, ਐੱਸਆਈਟੀ ਨੇ ਸ਼ਰਮਾ ਨੂੰ ਸੰਮਨ ਜਾਰੀ ਕਰ 29 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਦੋ ਦਿਨ ਪਹਿਲਾਂ ਹੀ ਯਾਨੀ ਐਤਵਾਰ ਸਵੇਰੇ ਹੀ ਐੱਸਆਈਟੀ ਦੀ ਟੀਮ ਨੇ ਚਰਨਜੀਤ ਸ਼ਰਮਾ ਨੂੰ ਸਵੇਰੇ ਸਾਢੇ ਕੁ ਚਾਰ ਵਜੇ ਉਨ੍ਹਾਂ ਦੇ ਹੁਸ਼ਿਆਰਪੁਰ ਸਥਿਤ ਘਰ ਛਾਪੇਮਾਰੀ ਕੀਤੀ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ।

ਸਬੰਧਤ ਖ਼ਬਰ- ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ’ਚ ਨਾਮਜ਼ਦ ਪੁਲਿਸ ਅਫ਼ਸਰਾਂ ਦੇ ਸੰਮਨ ਜਾਰੀ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਜਾਖਾਨਾ ਦੇ ਤਤਕਾਲੀ ਥਾਣਾ ਮੁਖੀ ਅਮਰਜੀਤ ਸਿੰਘ ਦੀ ਫ਼ਰੀਦਕੋਟ ਸਥਿਤ ਰਿਹਾਇਸ਼ 'ਤੇ ਵੀ ਐਸਆਈਟੀ ਟੀਮ ਨੇ ਛਾਪਾ ਮਾਰਿਆ ਸੀ ਪਰ ਅਮਰਜੀਤ ਸਿੰਘ ਉਨ੍ਹਾਂ ਦੇ ਹੱਥ ਨਹੀਂ ਲੱਗੇ।

ਇਹ ਵੀ ਪੜ੍ਹੋ- ਜਲਦ ਪੂਰੀ ਹੋਵੇਗੀ ਤੇ ਬੇਅਦਬੀ ਤੇ ਗੋਲ਼ੀਕਾਂਡਾਂ 'ਤੇ ਬਣੀ SIT ਦੀ ਰਿਪੋਰਟ

ਜ਼ਿਕਰਯੋਗ ਹੈ ਕਿ ਅਕਤੂਬਰ 2015 ਦੌਰਾਨ ਚਰਨਜੀਤ ਸ਼ਰਮਾ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਦੇ ਅਹੁਦੇ 'ਤੇ ਤੈਨਾਤ ਸਨ ਅਤੇ ਅਮਰਜੀਤ ਸਿੰਘ ਬਾਜਾਖਾਨਾ ਥਾਣੇ ਦੇ ਮੁਖੀ ਵਜੋਂ ਕਾਰਜਸ਼ੀਲ ਸਨ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਵਾਪਰਨ ਸਮੇਂ ਦੋਵੇਂ ਉੱਥੇ ਹੀ ਡਿਊਟੀ 'ਤੇ ਤਾਇਨਾਤ ਸਨ ਜਿੱਥੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਿੱਖ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਕਾਰਵਾਈ ਦੇ ਚੱਲਦਿਆਂ ਉਨ੍ਹਾਂ ਨੂੰ ਮੁਅੱਤਲ ਕੀਤਾ ਸੀ ਤੇ ਫਿਰ ਪਿਛਲੇ ਸਾਲ ਸ਼ਰਮਾ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਸੀ। ਹੁਣ ਐਸਆਈਟੀ ਸ਼ਰਮਾ ਤੋਂ ਗੋਲ਼ੀਕਾਂਡ ਬਾਬਤ ਪੁੱਛਗਿੱਛ ਕਰ ਸਕਦੀ ਹੈ ਅਤੇ ਅਮਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਸਕਦੀ ਹੈ।