ਚੰਡੀਗੜ੍ਹ: ਅਕਤੂਬਰ 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਸਮੇਤ ਕਈ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਸਮਾਜ ਵਿਰੋਧੀ ਅਨਸਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ-ਨਾਲੀਆਂ ਵਿੱਚ ਸੁੱਟ ਦਿੱਤੇ ਸਨ, ਜਿਸ ਤੋਂ ਬਾਅਦ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਸੀ। ਲੋਕਾਂ ਨੇ ਪੱਕੇ ਧਰਨੇ ਮਾਰ ਲਏ ਅਤੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਬੇਅਦਬੀਆਂ ਦੇ ਰੋਸ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਲੋਕਾਂ 'ਤੇ ਪੁਲਿਸ ਕਾਰਵਾਈ ਕੀਤੀ ਗਈ। ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ।

ਇਹ ਵੀ ਪੜ੍ਹੋ- ਬਰਗਾੜੀ ਕਾਂਡ: ਐਸਆਈਟੀ ਨੇ ਮੁਲਜ਼ਮ ਪੁਲਿਸ ਅਧਿਕਾਰੀਆਂ 'ਤੇ ਕੀਤੀ ਵੱਡੀ ਕਾਰਵਾਈ, SSP ਸ਼ਰਮਾ ਗ੍ਰਿਫ਼ਤਾਰ

ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਦੀ ਗੋਲ਼ੀ ਕਾਰਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਤੋਂ ਇਲਾਵਾ ਤਕਰੀਬਨ 50 ਜਣੇ ਜ਼ਖ਼ਮੀ ਵੀ ਹੋਏ ਸਨ। ਪੁਲਿਸ ਨੇ 34 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ 100 ਤੋਂ ਵੱਧ ਜਣਿਆਂ 'ਤੇ ਨਜ਼ਰ ਰੱਖੀ ਗਈ ਸੀ। ਪਰ ਨੌਜਵਾਨਾਂ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਕੇਸ ਤਾਂ ਦਰਜ ਹੋਏ ਪਰ ਅਣਪਛਾਤੇ ਪੁਲਿਸ ਅਫ਼ਸਰਾਂ 'ਤੇ। ਇਸ ਦੇ ਰੋਸ ਵਿੱਚ ਬਰਗਾੜੀ ਇਨਸਾਫ਼ ਮੋਰਚਾ ਵੀ ਲਾਇਆ ਗਿਆ, ਜੋ ਲੰਮਾਂ ਸਮਾਂ ਚੱਲਿਆ।

ਸਾਲ 2015 ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਇਨ੍ਹਾਂ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ (ਰਿਟਾ.) ਕਮਿਸ਼ਨ ਨੇ ਸਮੁੱਚੀ ਰਿਪੋਰਟ ਚਾਰ ਭਾਗਾਂ ਵਿੱਚ ਪੇਸ਼ ਕੀਤੀ ਸੀ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ।

ਸਬੰਧਤ ਖ਼ਬਰ- ਬਾਦਲਾਂ ਪਿੱਛੇ ਹੱਥ ਧੋ ਕੇ ਪਏ ਸਿੱਧੂ, ਕੈਪਟਨ ਨੂੰ ਕੱਟ ਬੇਅਦਬੀ ਧਰਨਿਆਂ 'ਤੇ ਪੁਲਿਸ ਫਾਇਰਿੰਗ ਦੇ ਵੀਡੀਓ ਸਬੂਤ ਕੀਤੇ ਜਾਰੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹਿਬਲ ਕਲਾਂ ਵਿੱਚ ਪੁਲਿਸ ਨੇ ਬਿਨਾ ਕਿਸੇ ਚਿਤਾਵਨੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਗੋਲ਼ੀ ਚਲਾਉਣ ਦੀ ਆਗਿਆ ਲਏ ਬਿਨਾ ਫਾਇਰਿੰਗ ਕੀਤੀ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਰਿਪੋਰਟ ਵਿੱਚ ਪੀੜਤਾਂ ਦੇ ਬਿਆਨ ਦੇ ਆਧਾਰ 'ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਿਲ ਹਨ ਅਤੇ ਕਮਿਸ਼ਨ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।

ਇਹ ਵੀ ਪੜ੍ਹੋ- ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ’ਚ ਨਾਮਜ਼ਦ ਪੁਲਿਸ ਅਫ਼ਸਰਾਂ ਦੇ ਸੰਮਨ ਜਾਰੀ

ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿੱਚ ਥਾਣਾ ਬਾਜਾਖਾਨਾ ਵਿੱਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ ਕੀਤਾ ਗਿਆ। ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ, ਪਰ ਪਰਚੇ ਵਿੱਚ ਨਾਮਜ਼ਦ ਪੁਲਿਸ ਅਧਿਕਾਰੀ ਅਦਾਲਤ ਚਲੇ ਗਏ।

ਸਬੰਧਤ ਖ਼ਬਰ- ਬੇਅਦਬੀ ਤੇ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ


25 ਜਨਵਰੀ 2018 ਨੂੰ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀਆਂ ਅਪੀਲਾਂ ਰੱਦ ਕਰਦਿਆਂ ਐਸਆਈਟੀ ਨੂੰ ਅੱਗੇ ਵਧਣ ਦੇ ਹੁਕਮ ਦਿੱਤੇ ਸਨ ਅਤੇ ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ 29 ਜਨਵਰੀ ਨੂੰ ਪੁੱਛਗਿੱਛ ਲਈ ਤਲਬ ਕਰ ਲਿਆ ਸੀ। ਇਸੇ ਦੌਰਾਨ ਐਸਆਈਟੀ ਨੂੰ ਖ਼ਦਸ਼ਾ ਹੋਇਆ ਕਿ ਸ਼ਰਮਾ ਵਿਦੇਸ਼ ਫਰਾਰ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਸਥਿਤ ਘਰ ਵਿੱਚੋਂ ਹਿਰਾਸਤ ਵਿੱਚ ਲੈ ਲਿਆ। ਐਸਆਈਟੀ ਵੱਲੋਂ ਸ਼ਰਮਾ ਤੋਂ ਗੋਲ਼ੀਕਾਂਡ ਬਾਰੇ ਪੁੱਛਗਿੱਛ ਕਰੇਗੀ, ਜਿਸ ਵਿੱਚ ਕਈ ਵੱਡੇ ਖੁਲਾਸੇ ਹੋਣ ਅਤੇ ਹੋਰਨਾਂ ਉੱਚ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ।