ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਜਾਰੀ ਆਪਣੀ ਮੁਹਿੰਮ ਦੇ ਵਿਰੋਧ ਦੇ ਬਾਵਜੂਦ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸਿੱਧੂ ਨੇ ਜਲੰਧਰ ਦੇ ਮੇਅਰ ਨੂੰ 15 ਦਿਨਾਂ ਦਾ ਸਮਾਂ ਦਿੰਦਿਆਂ ਅੱਗੇ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਹਨ।
ਜਲੰਧਰ ਵਿੱਚ ਲੰਘੀ 14 ਜੂਨ ਨੂੰ ਨਵਜੋਤ ਸਿੱਧੂ ਦੇ ਹੁਕਮਾਂ ਅਧੀਨ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਚੱਲੀ ਸੀ, ਜਿਸ ਨੂੰ ਉੱਥੋਂ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਰੋਕ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਦੇ ਕਈ ਵੱਡੇ ਲੀਡਰ ਸਿੱਧੂ ਦੇ ਵਿਰੁੱਧ ਹੋ ਗਏ ਸਨ। ਅੱਜ ਸਿੱਧੂ ਨੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਬਾਵਾ ਹੈਨਰੀ ਤੇ ਮੇਅਰ ਜਗਦੀਸ਼ ਰਾਜ ਰਾਜਾ ਨਾਲ ਮੁਲਾਕਾਤ ਕੀਤੀ।
ਮੀਟਿੰਗ ਤੋਂ ਬਾਅਦ ਸਿੱਧੂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਕੁਝ ਜਾਣਕਾਰੀਆਂ ਠੀਕ ਹੋਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੇ ਮੇਅਰ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਜੇਕਰ ਕਾਰਵਾਈ ਨਹੀਂ ਹੋਈ ਤਾਂ 5 ਜੁਲਾਈ ਤਕ ਸਭ ਸਹੀ ਹੋ ਜਾਵੇਗਾ।
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਇੱਕ ਮੁਸ਼ਤ ਨਿਬੇੜਾ ਨੀਤੀ ਗਰੀਬਾਂ ਲਈ ਹੈ। ਇਹ ਕਿਸੇ ਅਮੀਰਜ਼ਾਦੇ ਨੂੰ ਜ਼ਮੀਨ ਹੜੱਪਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵਿਕਾਸ ਲਈ 30 ਕਰੋੜ ਰੁਪਏ ਜਾਰੀ ਕਰ ਦਿੱਤੇ ਜਾਣਗੇ।
ਆਪਣੇ ਲੀਡਰਾਂ ਤੋਂ ਵਿਰੋਧ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਓਪੀ ਸੋਨੀ ਨੇ ਬਿਆਨ ਦੇ ਕੇ ਵਾਪਸ ਲੈ ਲਿਆ ਸੀ ਤੇ ਉਹ ਹੁਣ ਟ੍ਰੈਕ 'ਤੇ ਆ ਗਏ ਹਨ। ਸੰਤੋਖ ਚੌਧਰੀ ਨੇ ਕਿਹਾ ਕਿ ਸਾਡੀ ਕੋਈ ਨਾਰਾਜ਼ਗੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕਈ ਮਸਲਿਆਂ 'ਤੇ ਚਰਚਾ ਹੋਈ ਹੈ।