ਓਟਾਵਾ: ਕੈਨੇਡਾ ਦੀ ਸੰਸਦ ਨੇ ਇਤਿਹਾਸਕ ਬਿੱਲ ਪਾਸ ਕਰਦਿਆਂ ਪੂਰੇ ਦੇਸ਼ ਵਿੱਚ ਮਾਰੀਜੁਆਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਨੇਡਾ ਦੁਨੀਆ ਦਾ ਦੂਜਾ ਦੇਸ਼ ਬਣਿਆ ਹੈ ਜਿਸ ਨੇ ਭੰਗ ਜਾਂ ਸੁੱਖੇ ਦੇ ਰੂਪ ਵਿੱਚ ਵਰਤੇ ਜਾਣ ਵਾਲੇ ਨਸ਼ੇ ਮਾਰੀਜੁਆਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਨੇਡਾ ਵਾਸੀ ਹੁਣ ਭੰਗ ਦੇ ਬੂਟਿਆਂ ਨੂੰ ਕਾਨੂੰਨੀ ਤੌਰ 'ਤੇ ਉਗਾ ਸਕਣਗੇ ਤੇ ਵਰਤ ਸਕਣਗੇ।

 

ਸੈਨੇਟ ਨੇ 52-29 ਵੋਟਾਂ ਦੇ ਫਰਕ ਨਾਲ ਮਾਰੀਜੁਆਨਾ ਨੂੰ ਪ੍ਰਵਾਨਗੀ ਦੇਣ ਦੇ ਪੱਖ ਵਿੱਚ ਫੈਸਲਾ ਦੇ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕੈਨੇਡੀਅਨ ਲੋਕ ਭੰਗ ਜਾਂ ਸੁੱਖੇ ਦਾ 'ਸੁਆਦ' ਇਸ ਸਤੰਬਰ ਤੋਂ ਲੈ ਸਕਣਗੇ। ਪੂਰੀ ਦੁਨੀਆ ਵਿੱਚ ਦੱਖਣੀ ਅਮਰੀਕਾ ਦੇ ਦੇਸ਼ ਦਸੰਬਰ 2013 ਵਿੱਚ ਯੁਰੂਗੁਆਏ ਵੱਲੋਂ ਵਿਕਰੀ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਦੂਜਾ ਮੁਲਕ ਹੈ ਜਿਸ ਨੇ ਮਾਰੀਜੁਆਨਾ ਨੂੰ ਕਾਨੂੰਨੀ ਰੂਪ ਵਿੱਚ ਮਨਜ਼ੂਰੀ ਦਿੱਤੀ ਹੈ। ਹਾਲਾਂਕਿ, ਅਮਰੀਕਾ ਦੇ 30 ਸੂਬੇ ਅਜਿਹੇ ਹਨ ਜਿੱਥੇ ਮੈਡੀਕਲ ਖੇਤਰ 'ਚ ਮਾਰੀਜੁਆਨਾ ਵਰਤਿਆ ਜਾਂਦਾ ਹੈ।



ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਕੋਈ ਵੀ 30 ਗ੍ਰਾਮ ਤਕ ਦਾ ਮਾਰੀਜੁਆਨਾ ਜਨਤਕ ਖੇਤਰ 'ਤੇ ਆਪਣੇ ਕੋਲ ਰੱਖ ਸਕਦਾ ਹੈ। ਘਰ ਵਿੱਚ ਚਾਰ ਬੂਟੇ ਲਾਉਣ ਦੀ ਖੁੱਲ੍ਹ ਹੋਵੇਗੀ ਤੇ ਇਸ ਨੂੰ ਨਿਜੀ ਵਰਤੋਂ ਵਿੱਚ ਲਿਆਂਦਾ ਜਾਵੇਗਾ। ਸਰਕਾਰ ਮੁਤਾਬਕ ਮਾਰੀਜੁਆਨਾ ਦੀ ਖਰੀਦੋ-ਫਰੋਖ਼ਤ ਲਈ ਸਖ਼ਤ ਨਿਯਮ ਲਾਗੂ ਰਹਿਣਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਇਸ ਬਿਲ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਕੈਨੇਡਾ ਦੇ ਨੌਜਵਾਨ ਪੱਖੀ ਕਰਾਰ ਦਿੱਤਾ। ਸਰਕਾਰ ਨੂੰ ਆਸ ਹੈ ਕਿ ਆਉਣ ਵਾਲੇ ਅੱਠ ਤੋਂ ਬਾਰਾਂ ਮਹੀਨਿਆਂ ਦੌਰਾਨ ਸੂਬਿਆਂ ਤੋਂ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਮਾਰੀਜੁਆਨਾ ਵਿਕਰੀ ਕੇਂਦਰਾਂ ਦੀ ਸਥਾਪਨਾ ਕਰ ਲੈਣਗੇ।