ਅੰਮ੍ਰਿਤਸਰ: ਨਵੀਂ ਸਿਆਸੀ ਪਾਰੀ ਨੂੰ ਲੈ ਕੇ ਸਿੱਧੂ ਜੋੜਾ ਦੁਚਿੱਤੀ ਵਿੱਚ ਹੈ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਨਾਲ ਦਾਲ ਤਕਰੀਬਨ ਪੱਕ ਚੁੱਕੀ ਹੈ ਬੱਸ ਰਸਮੀ ਐਲਾਨ ਹੋਣਾ ਬਾਕੀ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਮਨ ਅਜੇ ਵੀ ਆਮ ਆਦਮੀ ਪਾਰਟੀ ਵੱਲ ਹੈ। ਇਸ ਦਾ ਝਲਕਾਰਾ ਨਵਜੋਤ ਕੌਰ ਦੇ ਤਾਜ਼ਾ ਬਿਆਨ ਤੋਂ ਲੱਗਦਾ ਹੈ।
ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਦੀ ਗੱਲ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨਾਲ ਵੀ ਚੱਲ ਰਹੀ ਹੈ। ਛੇਤੀ ਹੀ ਇਸ ਸਬੰਧੀ ਫ਼ੈਸਲਾ ਲੈਣਗੇ। 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਆਖਿਆ ਕਿ ਛੇਤੀ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਵੇਗਾ ਕਿ ਉਹ ਕਿਸ ਪਾਰਟੀ ਨਾਲ ਜੁੜਨ ਜਾ ਰਹੇ ਹਨ।
ਉਂਜ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਨਵੀਂ ਸਿਆਸੀ ਪਾਰੀ ਲਈ ਫ਼ੈਸਲਾ ਛੇਤੀ ਨਾਲ ਲਏ ਜਾਣ ਦਾ ਅਫ਼ਸੋਸ ਵੀ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਛੇਤੀ ਫ਼ੈਸਲਾ ਲੈ ਕੇ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਹਨ। ਨਵਜੋਤ ਕੌਰ ਅਨੁਸਾਰ ਉਨ੍ਹਾਂ ਲਈ ਆਮ ਆਦਮੀ ਪਾਰਟੀ ਦੇ ਰਸਤੇ ਕਦੇ ਵੀ ਬੰਦ ਨਹੀਂ ਹੋਏ ਕਿਉਂਕਿ ਉਹ ਲਗਾਤਾਰ ਪਾਰਟੀ ਦੇ ਆਗੂਆਂ ਦੇ ਸੰਪਰਕ ਵਿੱਚ ਹਨ। ਮੈਡਮ ਸਿੱਧੂ ਅਨੁਸਾਰ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦੀ ਬਜਾਏ ਉਨ੍ਹਾਂ ਦੀ ਗੱਲਬਾਤ ਪਾਰਟੀ ਦੀ ਹਾਈਕਮਾਨ ਨਾਲ ਚੱਲ ਰਹੀ ਹੈ।