ਸਿਹਤ ਵਿਗੜਨ ਕਾਰਨ ਕਿੱਲਿਆਂਵਾਲੀ ਰੈਲੀ 'ਚ ਨਹੀਂ ਪਹੁੰਚੇ ਨਵਜੋਤ ਸਿੱਧੂ
ਏਬੀਪੀ ਸਾਂਝਾ | 08 Oct 2018 06:28 PM (IST)
ਚੰਡੀਗੜ੍ਹ: ਬੀਤੇ ਦਿਨ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਵਿੱਚ ਪਾਰਟੀ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗੈਰਹਾਜ਼ਰ ਰਹਿਣ ’ਤੇ ਕਈ ਸਵਾਲ ਉੱਠੇ ਹਨ। ਇਸ ਸਬੰਧੀ ਅੱਜ ਸਿੱਧੂ ਨੇ ਸਪਸ਼ਟੀਕਰਨ ਦਿੱਤਾ ਕਿ ਸਿਹਤ ਵਿਗੜਨ ਕਾਰਨ ਉਹ ਰੈਲੀ ਵਿੱਚ ਸ਼ਾਮਲ ਹੋਣ ਦੇ ਸਮਰਥ ਨਹੀਂ ਸਨ। ਇਸ ਮੌਕੇ ਉਨ੍ਹਾਂ ਜੱਲ੍ਹਿਆਂਵਾਲਾ ਬਾਗ਼ ਦਾ 100 ਸਾਲਾ ਮਨਾਉਣ ਸਬੰਧੀ ਕੇਂਦਰ ਸਰਕਾਰ ਤੋਂ ਮਿਲੇ ਪੈਸੇ ਖ਼ਰਚ ਕਰਨ ਦੀ ਮਨਜ਼ੂਰੀ ਤੇ ਇਤਿਹਾਸਕ ਸਥਾਨ ਨੂੰ ਠੇਕੇ ’ਤੇ ਨਾ ਦਿੱਤੇ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਨੂੰ ਠੇਕੇ ’ਤੇ ਨਹੀਂ ਦਿੱਤਾ ਜਾਏਗਾ। ਇਸ ਸਬੰਧੀ ਉਹ ਕੇਂਦਰੀ ਸੱਭਿਆਚਾਰ ਮੰਤਰੀ ਨਾਲ ਗੱਲ ਕਰ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਜੱਲ੍ਹਿਆਂਵਾਲਾ ਬਾਗ਼ ਦੀ ਮੁਰੰਮਤ ਤੇ ਸਾਂਭ-ਸੰਭਲਾ ਦੀ ਇਜਾਜ਼ਤ ਨਹੀਂ ਦੇ ਰਹੀ। ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਅਧੀਨ ਹੈ ਤੇ ਟਰੱਸਟ, ਕੇਂਦਰ ਸਰਕਾਰ ਦੇ ਅਧੀਨ ਹੈ। ਸਿੱਧੂ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਜੱਲ੍ਹਿਆਂਵਾਲਾ ਬਾਗ਼ ’ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ ਗਿਆ। ਜੱਲ੍ਹਿਆਂਵਾਲਾ ਬਾਗ਼ ਦੀ ਮੁਰੰਮਤ ਲਈ ਕੇਂਦਰ ਸਰਕਾਰ ਤੋਂ 20 ਕਰੋੜ ਰੁਪਏ ਦੀ ਰਕਮ ਮੰਗੀ ਗਈ ਸੀ। ਇਸ ਵਿੱਚੋਂ ਸਰਕਾਰ ਨੇ 8 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਪਰ ਅਜੇ ਤਕ ਇਸ ਪੈਸੇ ਨੂੰ ਖ਼ਰਚ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਸਿੱਧੂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਤੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਜਸ਼ਨਾਂ ਤੋਂ ਵੱਧ ਉਨ੍ਹਾਂ ਲਈ ਕੁਝ ਨਹੀਂ। ਜੱਲ੍ਹਿਆਂਵਾਲਾ ਬਾਗ਼ ਦੇ 100 ਸਾਲਾ ਮਨਾਉਣ ਸਬੰਧੀ ਕੇਂਦਰ ਸਰਕਾਰ ਨੇ ਹਾਲੇ ਤਕ ਕੋਈ ਮਦਦ ਮੁਹੱਈਆ ਨਹੀਂ ਕਰਵਾਈ। ਅਗਲੀ ਕੈਬਨਿਟ ਬੈਠਕ ਵਿੱਚ ਵਨ ਟਾਈਮ ਇਲੀਗਲ ਪਾਲਿਸੀ ਮਨਜ਼ੂਰ ਹੋ ਜਾਏਗੀ। ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਮੇਅਰ ਵੀ ਮੌਜੂਦ ਸਨ।