ਬਰਗਾੜੀ 'ਚ ਵੱਡੇ ਇਕੱਠ ਨੇ ਛੇੜੀ ਨਵੀਂ ਚਰਚਾ, ਖੁਫੀਆ ਏਜੰਸੀਆਂ ਵੀ ਹੈਰਾਨ
ਏਬੀਪੀ ਸਾਂਝਾ | 08 Oct 2018 04:26 PM (IST)
ਚੰਡੀਗੜ੍ਹ: ਸੱਤ ਅਕਤੂਬਰ ਨੂੰ ਪੰਜਾਬ ਵਿੱਚ ਤਿੰਨ ਵੱਡੇ ਇਕੱਠ ਹੋਏ ਜਿਸ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਹੈ ਕਿ ਆਖਰ ਕਿਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਸੀ। ਸਾਰੀਆਂ ਧਿਰਾਂ ਆਪੋ-ਆਪਣੇ ਇਕੱਠ ਦੇ ਵੱਡੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਬੇਸ਼ੱਕ ਸਾਰੀਆਂ ਧਿਰਾਂ ਨੇ ਆਪਣੇ ਸਮਾਗਮਾਂ ਨੂੰ ਸਫਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਨ੍ਹਾਂ ਵਿੱਚੋਂ ਪੰਥਕ ਜਥੇਬੰਦੀਆਂ ਦੇ ਇਕੱਠ ਨੇ ਖੁਫੀਆਂ ਏਜੰਸੀਆਂ ਦੇ ਅੰਦਾਜ਼ਿਆਂ ਨੂੰ ਮਾਤ ਪਾਈ ਹੈ। ਦਰਅਸਲ ਖੁਫੀਆਂ ਏਜੰਸੀਆਂ ਦਾ ਅੰਦਾਜ਼ ਸੀ ਕਿ ਪੰਥਕ ਜਥੇਬੰਦੀਆਂ ਦੇ ਇਕੱਠ ਵਿੱਚ 15 ਤੋਂ 20 ਹਜ਼ਾਰ ਲੋਕ ਪਹੁੰਚ ਸਕਦੇ ਹਨ। ਇੱਥੋਂ ਤੱਕ ਕਿ ਪੰਥਕ ਮੋਰਚੇ ਦੇ ਕੁਝ ਲੀਡਰ ਵੀ ਸੋਚ ਰਹੇ ਸੀ ਕਿ ਮਾਰਚ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਲੋਕ ਪਹੁੰਚਣਗੇ। ਹੁਣ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਹੈ ਕਿ ਪੰਥਕ ਜਥੇਬੰਦੀਆਂ ਦਾ ਇਕੱਠ 3 ਤੋਂ ਚਾਰ ਲੱਖ ਤੱਕ ਸੀ। ਬੇਸ਼ੱਕ ਇਹ ਪੰਥਕ ਜਥੇਬੰਦੀਆਂ ਦੇ ਹਮਾਇਤੀਆਂ ਦੇ ਹੀ ਦਾਅਵੇ ਹਨ ਪਰ ਇਸ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਕੱਠ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਤੋਂ ਵੱਧ ਸੀ। ਅਕਾਲੀ ਦਲ ਤੇ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਪਹੁੰਚੇ ਸੀ। ਜੇਕਰ ਇਨ੍ਹਾਂ ਦਾਅਵਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਸ ਵਿੱਚ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਪੰਥਕ ਜਥੇਬੰਦੀਆਂ ਦਾ ਇਕੱਠ ਇੱਕ ਲੱਖ ਤੋਂ ਵੱਧ ਸੀ। ਖਾਸ ਗੱਲ਼ ਇਹ ਰਹੀ ਕਿ ਇਸ ਇਕੱਠ ਵਿੱਚ ਜ਼ਿਆਦਾਤਰ ਲੋਕ ਖੁਦ ਆਪਣੇ ਵਾਹਨਾਂ ਵਿੱਚ ਪਹੁੰਚੇ। ਦੂਜੇ ਪਾਸੇ ਅਕਾਲੀ ਦਲ ਤੇ ਕਾਂਗਰਸ ਨੇ ਖਾਸ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਪੰਥਕ ਜਥੇਬੰਦੀਆਂ ਦੇ ਇਸ ਇਕੱਠ ਨੇ ਅਕਾਲੀ ਦਲ ਤੇ ਸੱਤਾਧਿਰ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਅੰਦਰ ਅਜੇ ਵੀ ਬੇਅਦਬੀ ਕਾਂਡ ਦੀ ਚੀਸ ਬਰਕਰਾਰ ਹੈ। ਪੰਥਕ ਜਥੇਬੰਦੀਆਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਕੈਪਟਨ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਪੰਜਾਬ ਦਾ ਮਾਹੌਲ ਹੋਰ ਗਰਮਾ ਸਕਦਾ ਹੈ।