ਲੁਧਿਆਣਾ: ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿੱਚ ਡੀਐਮਸੀ ਹਸਪਤਾਲ ਦੇ ਬਾਹਰ ਬਣੀ ਪਾਰਕਿੰਗ ਵਿੱਚ ਸ਼ੱਕੀ ਨੌਜਵਾਨ ਨੇ ਪੁਲਿਸ ਮੁਲਾਜ਼ਮ ਨੂੰ ਗੋਲ਼ੀ ਮਾਰ ਕੇ ਫੱਟੜ ਕਰ ਦਿੱਤਾ। ਮੁਲਜ਼ਮ  ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਤੇ ਸ਼ੱਕੀ ਨੂੰ ਜਲਦੀ ਫੜਨ ਦਾ ਦਾਅਵਾ ਕੀਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਦਵਿੰਦਰ ਸਿੰਘ ਨੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕਰਨੀ ਚਾਹੀ ਪਰ ਸ਼ੱਕੀ ਨੌਜਵਾਨ ਨੇ ਪਿਸਤੌਲ ਕੱਢ ਕੇ ਸਿਪਾਹੀ ਦੀ ਲੱਤ ’ਤੇ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਸਿਪਾਹੀ ਜ਼ਖ਼ਮੀ ਹੋਣ ਕਾਰਨ ਉੱਥੇ ਹੀ ਡਿੱਗ ਗਿਆ ਜਿਸ ਪਿੱਛੋਂ ਸ਼ੱਕੀ ਨੌਜਵਾਨ ਉੱਥੋ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਮੌਕੇ ’ਤੇ ਪੁੱਜੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ੱਕੀ ਨੌਜਵਾਨ ਦੀ ਸਪਸ਼ਟ ਫੋਟੋ ਪਹੁੰਚ ਗਈ ਹੈ ਤੇ ਫੋਟੋ ਦੇ ਆਧਾਰ ’ਤੇ ਉਹ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲੈਣਗੇ।