ਵਿਧਾਨ ਸਭਾ 'ਚ ਮਜੀਠੀਆ ਤੇ ਸਿੱਧੂ ਫਿਰ ਖਹਿਬੜੇ
ਏਬੀਪੀ ਸਾਂਝਾ | 24 Mar 2018 11:22 AM (IST)
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਰਮਿਆਨ ਤਲਖ਼ੀ ਵਧਦੀ ਜਾ ਰਹੀ ਹੈ। ਅੱਜ ਫਿਰ ਤੋਂ ਵਿਧਾਨ ਸਭਾ ਵਿੱਚ ਦੋਵਾਂ ਲੀਡਰਾਂ ਵਿੱਚ ਬਹਿਸ ਹੋ ਗਈ। ਜਾਣਕਾਰੀ ਮੁਤਾਬਕ ਅੱਜ ਜਦ ਬਜਟ ਪੇਸ਼ ਹੋਣਾ ਸੀ ਤਾਂ ਪਹਿਲਾਂ ਸਿੱਧੂ ਤੇ ਮਜੀਠੀਆ ਨੇ ਨਸ਼ੇ ਦੇ ਮੁੱਦੇ 'ਤੇ ਇੱਕ ਦੂਜੇ ਨੂੰ ਫਿਰ ਬੋਲ-ਕੁਬੋਲ ਕਹੇ। ਇਸ ਤੋਂ ਪਹਿਲਾਂ 22 ਮਾਰਚ ਨੂੰ ਵੀ ਮਜੀਠੀਆ ਤੇ ਸਿੱਧੂ ਦਰਮਿਆਨ ਤਕਰਾਰ ਜੀ.ਐਸ.ਟੀ. ਦੇ ਮੁੱਦੇ ਤੋਂ ਸ਼ੁਰੂ ਹੋਈ ਸੀ। ਸਿੱਧੂ ਜਦ ਅਕਾਲੀਆਂ ਨੂੰ ਉਨ੍ਹਾਂ ਦਾ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦਾ ਜੀ.ਐਸ.ਟੀ. ਮੁਆਫ਼ ਨਾ ਕੀਤੇ ਜਾਣ ‘ਤੇ ਖਰੀਆਂ ਸੁਣਾ ਰਹੇ ਸੀ ਤਾਂ ਮਜੀਠੀਆ ਨੇ ਉਨ੍ਹਾਂ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਮਜੀਠੀਆ ਦੀ ਟੋਕਾ-ਟਾਕੀ ਤੋਂ ਲੋਹਾ ਲਾਖੇ ਹੋਏ ਸਿੱਧੂ ਨੇ ਉਨ੍ਹਾਂ ਨੂੰ ਕੁਝ ਅਜਿਹਾ ਬੋਲ ਦਿੱਤਾ ਕਿ ਸਦਨ ਦਾ ਮਾਹੌਲ ਗਰਮਾ ਗਿਆ। ਸਿੱਧੂ ਚੁੱਪ ਕਰਵਾ ਰਿਹਾ ਸੀ ਪਰ ਮਜੀਠੀਆ ਨਾ ਟਲੇ ਤਾਂ ਸਿੱਧੂ ਨੇ ਮਜੀਠੀਆ ਨੂੰ ਉਨ੍ਹਾਂ ਦੇ ਨਸ਼ਾ ਤਸਕਰੀ ਵਾਲੇ ਕੇਸ ਨਾਲ ਸਬੰਧਤ ਇਤਰਾਜ਼ਯੋਗ ਸ਼ਬਦ ਬੋਲ ਦਿੱਤੇ ਸਨ। ਬਾਅਦ ਵਿੱਚ ਸਿੱਧੂ ਦੇ ਬੋਲਾਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਕੱਢ ਦਿੱਤਾ ਗਿਆ ਸੀ।