ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਿੱਧੂ ਦੀ ਬਰਸੀ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਚਰਨ ਕੌਰ ਨੇ ਕਿਹਾ ਕਿ ਅੱਜ ਵੀ ਕਈ ਲੋਕ ਸਿੱਧੂ ਬਾਰੇ ਬੁਰਾ ਬੋਲਣ ਤੋਂ ਨਹੀਂ ਹਟ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਇਸ ਮੁੱਦੇ 'ਤੇ ਗੱਲ ਹੀ ਨਹੀਂ ਕਰਦੀ।


'ਸਿੱਧੂ ਦੇ ਕਤਲ ਵਿੱਚ ਗੈਂਗਸਟਰਾਂ ਦਾ ਹੱਥ'


ਸਿੱਧੂ ਦੇ ਗੀਤਾਂ ਦਾ ਹਵਾਲਾ ਦੇ ਕੇ ਸਿੱਧੂ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੂੰ ਚਰਨ ਕੌਰ ਨੇ ਜਵਾਬ ਦਿੰਦਿਆਂ ਕਿਹਾ ਕਿ ਇਨਸਾਫ਼ ਮਿਲਣ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਸਿੱਧੂ ਦੇ ਕਤਲ ਵਿੱਚ ਗੈਂਗਸਟਰਾਂ ਦਾ ਹੱਥ ਨਹੀਂ, ਸਰਕਾਰਾਂ ਦਾ ਹੱਥ ਹੈ। ਸਰਕਾਰਾਂ ਗੈਂਗਸਟਰਾਂ ਨੂੰ ਪੈਸੇ ਦੇ ਕੇ ਕੰਮ ਕਰਵਾਉਂਦੀਆਂ ਹਨ।


'ਜਿੰਨ੍ਹਾਂ ਨੇ ਮੇਰਾ ਸਾਰਾ ਕੁਝ ਬਰਬਾਦ ਕੀਤਾ ਮੈਂ....'


ਚਰਨ ਕੌਰ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੋਂ ਦੋ ਮਹੀਨੇ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਸਿੱਧੂ ਨੂੰ ਮਾਰਨ ਦੀ ਯੋਜਨਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਅਸੀਂ ਸਰਕਾਰ ਅੱਗੇ ਨਹੀਂ ਝੁਕਵਾਂਗੇ। ਫਾਈਲਾਂ ਦੱਬੀਆਂ ਨਹੀਂ ਰਹਿਣਗੀਆਂ। ਜਿਨ੍ਹਾਂ ਨੇ ਮੇਰਾ ਸਭ ਕੁਝ ਤਬਾਹ ਕਰ ਦਿੱਤਾ, ਮੈਂ ਉਨ੍ਹਾਂ ਨੂੰ ਤਬਾਹ ਹੁੰਦਾ ਦੇਖਣਾ ਚਾਹੁੰਦੀ ਹਾਂ। ਰੱਬ ਮੈਨੂੰ ਉਦੋਂ ਤੱਕ ਜਿਉਂਦਾ ਰੱਖੇ ਜਦੋਂ ਤੱਕ ਉਹ ਮਿੱਟੀ ਵਿੱਚ ਨਹੀਂ ਰੁਲ ਜਾਂਦੇ।


ਮੂਸੇਵਾਲਾ ਦੇ ਜਨਮ ਦਿਨ ਮੌਕੇ ਖ਼ਾਸ ਐਲਾਨ


ਜ਼ਿਕਰ ਕਰ ਦਈਏ ਕਿ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਬੀਤ ਚੁੱਕਿਆ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸੀ। ਹੁਣ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ। ਮੂਸੇਵਾਲਾ ਦੇ ਜਨਮਦਿਨ ਮੌਕੇ ਨਿਊ ਜ਼ੀਲੈਂਡ ਦੇ ਔਕਲੈਂਡ 'ਚ ਉਸ ਦੇ ਚਾਹੁਣ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ 'ਚ ਸ਼੍ਰੀ ਸਹਿਜ ਪਾਠ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸ਼੍ਰੀ ਸਹਿਜ ਪਾਠ 5 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦੇ ਭੋਗ ਸਿੱਧੂ ਦੇ ਜਨਮਦਿਨ ਵਾਲੇ ਦਿਨ ਯਾਨਿ ਕਿ 11 ਜੂਨ ਨੂੰ ਪਾਏ ਜਾਣਗੇ। ਇਸ ਦੇ ਨਾਲ ਨਾਲ ਸਿੱਧੂ ਦੀ ਯਾਦ 'ਚ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਵੀ ਕਰਵਾਇਆ ਜਾਵੇਗਾ।