Firozpur News: ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ 'ਤੇ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਤੇ ਉਸ ਦੇ ਸਾਥੀ ਦੀ ਬੱਸ ਕਡੰਕਟਰਾਂ ਵੱਲੋਂ ਕੁੱਟਮਾਰ ਕੀਤੀ ਗਈ। ਮਾਮਲਾ ਸਵਾਰੀ ਦੇ ਚੜ੍ਹਨ ਤੋਂ ਪਹਿਲਾਂ ਹੀ ਬੱਸ ਨੂੰ ਤੋਰਨ ਹੈ। ਦੋਵੇਂ ਧਿਰਾਂ ਇੱਕ-ਦੂਜੇ ਉਪਰ ਗੰਭੀਰ ਇਲਜ਼ਾਮ ਲਾ ਰਹੀਆਂ ਹਨ। 


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਰਾਜਨ ਆਪਣੀ ਮਾਂ ਤੇ ਬੱਚੇ ਨੂੰ ਅੰਮ੍ਰਿਤਸਰ ਜਾਣ ਲਈ ਬੱਸ ਚੜ੍ਹਾਉਣ ਲਈ ਆਇਆ ਸੀ। ਬਜੁਰਗ ਹੋਣ ਕਾਰਨ ਉਸ ਦੀ ਮਾਂ ਤੋਂ ਬੱਸ ਤੇ ਚੜ੍ਹਿਆ ਨਹੀਂ ਗਿਆ ਤੇ ਬੱਸ ਤੁਰ ਪਈ। ਜਦ ਉਸ ਨੇ ਪਿੱਛਾ ਕਰ ਬੱਸ ਨੂੰ ਐਂਟਰੀ ਗੇਟ 'ਤੇ ਰੋਕਿਆ ਤਾਂ ਰੋਡਵੇਜ਼ ਬੱਸ ਕਡੰਕਟਰ ਤੇ ਡਰਾਈਵਰ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ। 


ਇਹ ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਹੋਰ ਵੀ ਕਡੰਕਟਰ-ਡਰਾਈਵਰ ਉਥੇ ਪਹੁੰਚ ਗਏ। ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਹੀ ਪੁਲਿਸ ਮੁਲਾਜ਼ਮ ਰਾਜਨ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਹੰਗਾਮੇ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਬੜੀ ਮੁਸ਼ਕਲ ਨਾਲ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ।



ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਮੁਲਾਜ਼ਮ ਰਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਤੇ ਬੱਚੇ ਨੂੰ ਬੱਸ ਚੜ੍ਹਾਉਣ ਲਈ ਆਇਆ ਸੀ ਪਰ ਕਡੰਕਟਰ ਨੇ ਉਸ ਨੂੰ ਬੱਸ ਤੇ ਨਹੀਂ ਚੜ੍ਹਾਇਆ ਤੇ ਬੱਸ ਤੋਰ ਲਈ। ਜਦ ਉਸ ਨੇ ਪਿੱਛਾ ਕਰ ਸਵਾਰੀ ਚੜ੍ਹਾਉਣ ਲਈ ਕਿਹਾ ਤਾਂ ਉਸ ਨਾਲ ਗਾਲੀ ਗਲੋਚ ਕਰਦਿਆਂ ਕਡੰਕਟਰ ਤੇ ਡਰਾਈਵਰ ਵੱਲੋਂ ਹੱਥੋਪਾਈ ਕੀਤੀ ਗਈ ਹੈ।



ਦੂਸਰੇ ਪਾਸੇ ਜਦੋਂ ਡੀਪੂ ਪ੍ਰਧਾਨ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦਾ ਟਾਈਮ ਪੂਰਾ ਪੂਰਾ ਹੁੰਦਾ ਹੈ। ਜੇਕਰ ਡਰਾਈਵਰ ਬੱਸ ਤੋਰ ਲਵੇ ਤਾਂ ਅੱਗੇ ਜਾ ਕੇ ਗੱਡੀ ਰੋਕ ਕੇ ਉਹ ਸਵਾਰੀ ਚੜ੍ਹਾ ਲੈਂਦੇ ਹਨ ਪਰ ਉਸ ਮੁਲਾਜ਼ਮ ਨੇ ਪੁਲਿਸ ਵਿੱਚ ਹੋਣ ਕਾਰਨ ਆਪਣੀ ਧੌਂਸ ਦਿਖਾਉਣ ਕਾਰਨ ਡਰਾਈਵਰ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।


ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਪੱਥਰ ਚੁੱਕ ਡਰਾਈਵਰ ਦੇ ਸਿਰ ਵਿੱਚ ਮਾਰਿਆ ਗਿਆ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਲਈ ਉਹ ਮੰਗ ਕਰਦੇ ਹਨ ਕਿ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।