ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਗੱਲ ਕਬੂਲੀ ਹੈ। ਸੂਤਰਾਂ ਅਨੁਸਾਰ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਕਿਹਾ, ‘ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ। 'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਕਾਰਨ 700 ਮੈਂਬਰੀ ਅਪਰਾਧੀਆਂ ਦੇ ਗਰੋਹ ਦਾ ਸਰਗਨਾ 30 ਸਾਲਾ ਲਾਰੈਂਸ ਬਿਸ਼ਨੋਈ ਪੁਲਿਸ ਦੇ ਘੇਰੇ ਵਿੱਚ ਆ ਗਿਆ ਹੈ।



ਦੱਸ ਦਈੇ ਕਿ ਗੋਲਡੀ ਬਰਾੜ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਹਿਯੋਗੀ ਹੈ, ਨੇ ਪਿਛਲੇ ਸਾਲ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 12 ਫਰਵਰੀ 1993 ਨੂੰ ਜਨਮੇ ਬਿਸ਼ਨੋਈ, ਜਿਸ ਨੂੰ ਗਰੋਹ ਦੇ ਮੈਂਬਰਾਂ ਵੱਲੋਂ ਡੌਨ ਕਿਹਾ ਜਾਂਦਾ ਹੈ, ਗ੍ਰੈਜੂਏਟ ਹੈ ਤੇ ਅਬੋਹਰ ਦੇ ਨੇੜੇ ਪਿੰਡ ਦਾ ਵਸਨੀਕ ਹੈ। ਬਿਸ਼ਨੋਈ ਦੇ ਪਿਤਾ 1992 ਵਿੱਚ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਪਰ ਪੰਜ ਸਾਲ ਬਾਅਦ ਨੌਕਰੀ ਛੱਡ ਕੇ ਖੇਤੀ ਕਰਨ ਲੱਗੇ।

ਪੰਜਾਬ ਪੁਲਿਸ ਹੁਣ ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ। ਲਾਰੈਂਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਸ ਨੇ ਪੰਜਾਬ ਪੁਲਿਸ ਨੂੰ ਪ੍ਰੋਡਕਸ਼ਨ ਵਾਰੰਟ ਨਾ ਦੇਣ ਦੀ ਮੰਗ ਕੀਤੀ ਸੀ।

ਹਾਲਾਂਕਿ, ਪੰਜਾਬ ਸਰਕਾਰ ਨੇ ਕਿਹਾ ਕਿ ਅਜੇ ਤੱਕ ਉਸ ਦਾ ਨਾਂ ਐਫਆਈਆਰ ਵਿੱਚ ਨਹੀਂ ਲਿਆ ਗਿਆ ਹੈ ਤੇ ਨਾ ਹੀ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਗਈ ਹੈ। ਇਸ ਦਲੀਲ ਤੋਂ ਬਾਅਦ ਹਾਈਕੋਰਟ ਨੇ ਲਾਰੈਂਸ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹਾਲਾਂਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਪਿਤਾ ਦੇ ਬਿਆਨ ਵਿੱਚ ਲਾਰੈਂਸ ਦਾ ਨਾਮ ਦਰਜ ਹੈ। ਉਸ ਆਧਾਰ 'ਤੇ ਪੁਲਿਸ ਉਸ ਦਾ ਪ੍ਰੋਡਕਸ਼ਨ ਵਾਰੰਟ ਲਵੇਗੀ।

ਉਧਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਹਰਿਆਣਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਫਤਿਹਾਬਾਦ ਜ਼ਿਲ੍ਹੇ ਤੋਂ ਫੜਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮ ਪਵਨ ਬਿਸ਼ਨੋਈ ਅਤੇ ਖਾਨ ਹਨ। ਦੋਵੇਂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੋਏ ਹਨ। ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਗੱਡੀ ਨਾਲ ਉਨ੍ਹਾਂ ਦਾ ਸਬੰਧ ਹੈ।

ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਲਈ ਸੀ ਜ਼ਿੰਮੇਵਾਰੀ
ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਮਕੋਕਾ ਦੇ ਤਹਿਤ ਸੰਗਠਿਤ ਅਪਰਾਧ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਕੈਨੇਡੀਅਨ ਮੂਲ ਦੇ ਮੈਂਬਰ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਮੂਸੇਵਾਲਾ ਨੂੰ ਦਿਨ-ਦਿਹਾੜੇ ਘੱਟੋ-ਘੱਟ 30 ਗੋਲੀਆਂ ਮਾਰੀਆਂ ਗਈਆਂ ਸੀ।