ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ‘ਐਸਵਾਈਐਲ’ ਗੀਤ ਨੂੰ ਯੂ-ਟਿਊਬ ਤੋਂ ਹਟਾਉਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇਹ ਗਲਤ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਦਾ ਗੀਤ ਪੰਜਾਬ ਦੀਆਂ ਮੰਗਾਂ ਤੇ ਮਸਲਿਆਂ ਨੂੰ ਹੀ ਨਹੀਂ ਉਭਾਰਦਾ ਹੈ, ਸਗੋਂ ਇਹ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦਾ ਹੈ। 


ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨਾਲ ਦੁੱਖ ਪਹੁੰਚਦਾ ਹੈ ਕਿਉਂਕਿ ਇਸ ਗੀਤ ਨਾਲ ਕਿਸੇ ਦਾ ਕੋਈ ਜ਼ਾਤੀ ਜਾਂ ਨਿੱਜੀ ਨੁਕਸਾਨ ਨਹੀਂ ਹੁੰਦਾ ਹੈ ਤੇ ਇਹ ਨੌਜਵਾਨਾਂ ਦੀਆਂ ਭਾਵਨਾਵਾਂ ਤੇ ਦੇਸ਼ ਲਈ ਸਭ ਤੋਂ ਜ਼ਿਆਦਾ ਅਨਾਜ ਪੈਦਾ ਕਰਨ ਵਾਲੇ ਸੂਬੇ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਗੀਤ ਨੂੰ ਸੰਸਾਰ ਵਿੱਚ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਸੁਣਨਾ ਹੀ ਇਸ ਦੀ ਮਕਬੂਲੀਅਤ ਅਤੇ ਅਸਲੀਅਤ ਦਾ ਸਭ ਤੋਂ ਵੱਡਾ ਸਬੂਤ ਹੈ।


ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਿੰਨ-ਚਾਰ ਦਿਨ ਪਹਿਲਾਂ ਰਿਲੀਜ਼ ਹੋਏ ਨਵੇਂ ਗੀਤ ‘ਐਸਵਾਈਐਲ’ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਵਿੱਚ ਪੰਜਾਬ ਤੇ ਹਰਿਆਣਾ ਵਿਚਕਾਰ ਐਸਵਾਈਐਲ (ਸਤਲੁਜ-ਯੁਮਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਉਭਾਰੇ ਗਏ ਸਨ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਸੀ। 


ਯੂ-ਟਿਊਬ ’ਤੇ ਗਾਣੇ ਦੇ ਲਿੰਕ ’ਤੇ ਕਲਿਕ ਕਰਨ ’ਤੇ ਪਤਾ ਲੱਗਦਾ ਹੈ ਕਿ ਕੇਂਦਰ ਦੀ ਸ਼ਿਕਾਇਤ ਮਗਰੋਂ ‘ਐਸਵਾਈਐਲ’ ਗਾਣੇ ਨੂੰ ਭਾਰਤ ’ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਹੁਣ ਤੱਕ 2.8 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਵਪਾਰਕ ਪੱਖੋਂ ਇਹ ਗੀਤ ਪਹਿਲੇ ਨੰਬਰ ’ਤੇ ਆ ਗਿਆ ਸੀ, ਜਿਸ ਦੇ 3.4 ਕਰੋੜ ਕੁਮੈਂਟ ਵੀ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਇਹ ਗੀਤ ਇੱਕ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ।