Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਐਤਵਾਰ ਨੂੰ ਘਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਫ਼ੈਨਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਉਨ੍ਹਾਂ ਹਤਿਆਰਿਆਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਗਈ ਤੇ ਜਿਸ ਬਲਤੇਜ ਪੰਨੂੰ ਨੇ ਸੁਰੱਖਿਆ ਦੀ ਖ਼ਬਰ ਲੀਕ ਕੀਤੀ ਸੀ, ਅਜੇ ਤੱਕ ਸਰਕਾਰ ਨੇ ਉਸ ਤੋਂ ਕੋਈ ਪੁੱਛਗਿੱਛ ਨਹੀ ਕੀਤੀ, ਪਤਾ ਨਹੀਂ ਕਿਉਂ।

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਵਧਿਆ ਹੈ, ਫਿਰ ਆਪਣੀ ਪਤਨੀ ਨੂੰ ਕਿਉਂ 40 ਸੁਰੱਖਿਆ ਕਰਮਚਾਰੀ ਦਿੱਤੇ ਹਨ। ਫਿਰ ਉਹ ਵੀ ਖੁਦ ਪੰਜਾਬ ਵਿੱਚ ਆਮ ਆਦਮੀ ਵਾਂਗ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ, ਜਿਸ ਵਿੱਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸ ਦਾ ਸੀਸ਼ਾ ਵੀ ਨਹੀਂ ਪਵਾਇਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ 'ਤੇ ਘੁੰਮਣਗੇ ਤੇ ਸਿੱਧੂ ਦੀਆਂ ਉਹ ਤਸਵੀਰਾਂ ਲਗਾਉਣਗੇ, ਜਿਸ ਵਿੱਚ ਉਸਦੇ ਸਰੀਰ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀਂ ਰਹੇਗੀ। ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਬਲਕੌਰ ਸਿੰਘ ਦੇ ਸਟੰਟ ਪਏ ਹਨ ਤੇ ਮੈਂ ਤਾਂ ਪਹਿਲਾਂ ਠੀਕ ਸੀ ਪਰ 29 ਮਈ ਤੋਂ ਬਾਅਦ ਹੀ ਮੇਰੇ ਸਟੰਟ ਪਏ ਹਨ, ਤੁਹਾਨੂੰ ਕੀ ਪਤਾ। ਉਨ੍ਹਾਂ ਪੰਜਾਬ ਵਿੱਚ ਸਰਕਾਰ ਵੱਲੋ ਖੋਲੋ ਜਾ ਰਹੇ ਮੁਹੱਲਾ ਕਲੀਨਿਕਾਂ 'ਤੇ ਬੋਲਦੇ ਕਿਹਾ ਕਿ ਕਲੀਨਿਕਾਂ 'ਚ ਇਲਾਜ ਨਹੀ ਮਿਲਣਾ ਕਿਉਂਕਿ ਜਿਸ ਜਗ੍ਹਾ ਸਿੱਧੂ ਦਾ ਕਤਲ ਹੋਇਆ ਸੀ, ਮਹਿਜ ਤਿੰਨ ਮਿੰਟ ਦਾ ਰਸਤਾ ਸੀ ਪਰ 35 ਗੋਲੀਆਂ ਲੱਗਣ ਦੇ ਬਾਵਜੂਦ ਸਿੱਧੂ ਨਹੀ ਬਚਿਆ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾ ਰਹੇ ਹਾਂ ਤੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਆਉਣ ਦੀ ਅਪੀਲ ਕੀਤੀ ਹੈ।

 



 

ਸਰਕਾਰ ਦੀ ਕਾਰਵਾਈ ਤੋਂ ਮਾਪੇ ਨਾਖੁਸ਼

 

ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਮਾਪੇ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਤਾਂ ਪੁਲਿਸ ਨੇ ਫੜ ਲਏ ਪਰ ਸਾਰੀ ਸਾਜ਼ਿਸ਼ ਰਚਣ ਵਾਲੇ ਅਜੇ ਤੱਕ ਬਾਹਰ ਹਨ। ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰਨ ਵਾਲੇ ਅਧਿਕਾਰੀ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੇ ਗਲਤੀ ਮੰਨੀ ਹੈ। ਇਸ ਕਤਲੇਆਮ ਵਿੱਚ ਲਾਰੇਂਸ ਅਤੇ ਗੋਲਡੀ ਦੇ ਕਈ ਸਾਥੀ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।  
 
ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।