DGP VK Bhawra on Moosewala Murder: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵੀਕੇ ਭਾਵਰਾ ਨੇ ਐਤਵਾਰ ਨੂੰ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਜਾਪਦਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਸ ਵਿੱਚ ਸ਼ਾਮਲ ਸੀ। ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਹੋਏ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਜਾਵੇਗੀ।


ਸੂਬੇ ਦੇ ਪੁਲਿਸ ਮੁਖੀ ਨੇ ਕਿਹਾ ਕਿ ਅਗਲੇ ਮਹੀਨੇ ਆਪ੍ਰੇਸ਼ਨ ਬਲੂਸਟਾਰ ਦੀ ਬਰਸੀ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਲਈ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਨਾਲ ਤਾਇਨਾਤ ਪੰਜਾਬ ਪੁਲੀਸ ਦੇ ਚਾਰ ਕਮਾਂਡੋਜ਼ ਵਿੱਚੋਂ ਦੋ ਨੂੰ ਹਟਾ ਦਿੱਤਾ ਗਿਆ ਹੈ।



ਪੁਲਿਸ ਦੇ ਡਾਇਰੈਕਟਰ ਜਨਰਲ ਅਨੁਸਾਰ ਮੂਸੇਵਾਲਾ ਮਾਨਸਾ ਜ਼ਿਲ੍ਹੇ ਵਿੱਚ ਘਟਨਾ ਸਮੇਂ ਆਪਣੇ ਬਾਕੀ ਬਚੇ ਦੋ ਕਮਾਂਡੋਜ਼ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ। ਭੰਵਰਾ ਨੇ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ 30 ਖਾਲੀ ਖੋਲ ਬਰਾਮਦ ਹੋਏ ਹਨ। ਉਸ ਨੇ ਅੰਦਾਜ਼ਾ ਲਗਾਇਆ ਕਿ ਅਪਰਾਧ ਵਿਚ ਘੱਟੋ-ਘੱਟ ਤਿੰਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।


ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਇਸ ਸਬੰਧ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ। ਉਸ ਨੇ ਕਿਹਾ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਐਸਐਸਪੀ ਨੇ ਦੱਸਿਆ ਕਿ ਮੂਸੇਵਾਲਾ ਦੇ ਥਾਰ ਕੋਲ 3 ਗੱਡੀਆਂ ਆ ਕੇ ਰੁਕੀਆਂ ਸਨ।


 ਸੁਖਬੀਰ ਬਾਦਲ ਨੇ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ।


ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਕਤਲ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ। ਇਹ ਨਿੰਦਣਯੋਗ ਘਟਨਾ ਪੰਜਾਬ ਵਿੱਚ ਅਮਨ-ਕਨੂੰਨ ਦੀ ਵਿਵਸਥਾ ਦੇ ਬੁਰੀ ਤਰ੍ਹਾਂ ਨਾਲ ਚਰਮਰਾ ਜਾਣ ਦਾ ਸਬੂਤ ਹੈ। 



ਇਹ ਇੱਕ ਬਹੁਤ ਹੀ ਧੁੰਦਲੀ ਅਤੇ ਨਾਜ਼ੁਕ ਘੜੀ ਹੈ, ਜਿਸ ਵਿੱਚ ਸਾਨੂੰ ਸਭ ਨੂੰ ਬਹੁਤ ਸੰਜਮ ਅਤੇ ਸੂਝ ਵਰਤਣ ਦੀ ਲੋੜ ਹੈ। ਮੁੱਖ ਮੰਤਰੀ ਪੰਜਾਬ ਨੂੰ ਵੀ ਆਪਣੇ ਪੱਖ ਨੂੰ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ, ਕਿ ਉਹਨਾਂ ਦੀ ਅਗਵਾਈ 'ਚ ਪੰਜਾਬ ਅਮਨ-ਕਾਨੂੰਨ ਤੋਂ ਸੱਖਣਾ ਕਿਉਂ ਹੋਇਆ, ਅਤੇ ਮੁਕੰਮਲ ਅਰਾਜਕਤਾ ਵਿੱਚ ਕਿਉਂ ਵਧਿਆ।