ਮਾਨਸਾ
  : ਮਾਨਸਾ ਪੁਲਿਸ ਨੇ ਦਿੱਲੀ ਦੇ ਬਹਾਦਰਗੜ੍ਹ ਇਲਾਕੇ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈਮੇਲ ਰਾਹੀਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਪੁਲਿਸ ਦੀ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਿਅਕਤੀ ਨੇ ਇੰਸਟਾਗ੍ਰਾਮ 'ਤੇ ਏ.ਜੇ. ਬਿਸ਼ਨੋਈ ਦੇ ਨਾਂ 'ਤੇ ਇਕ ਆਈਡੀ ਬਣਾਈ ਸੀ, ਜਿਸ ਦੇ ਪਿੱਛੇ ਉਸ ਦਾ ਮਕਸਦ ਮਸ਼ਹੂਰ ਹੋਣਾ ਅਤੇ ਉਸ ਨੂੰ ਵੱਧ ਤੋਂ ਵੱਧ ਫਾਲੋ ਕੀਤਾ ਜਾਵੇ।

ਐਸਐਸਪੀ ਮਾਨਸਾ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇੱਕ ਵਿਅਕਤੀ ਵੱਲੋਂ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ। ਇਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਹ ਚੁੱਪ ਕਰਕੇ ਬੈਠ ਜਾਣ ਕਿਉਂਕਿ ਦਬਾਅ ਕਾਰਨ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋ ਗਿਆ ਹੈ।

ਉਹ ਪੰਜਾਬ ਦੇ ਮਾਲਕ ਨਹੀਂ ,ਜੋ ਫੈਸਲਾ ਕਰੇ ਕਿ ਕਿਸਨੂੰ ਸੁਰੱਖਿਆ ਦੇਣੀ ਹੈ ਤੇ ਕਿਸ ਨੂੰ ਨਹੀਂ ਦੇਣੀ। ਮੂਸੇਵਾਲਾ ਦੇ ਪਿਤਾ ਨੇ ਮਾਨਸਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਤਾਂ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਇਸ 'ਤੇ ਮਾਮਲਾ ਦਰਜ ਕੀਤਾ। ਐੱਸ.ਐੱਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਮਾਨਸਾ ਪੁਲਿਸ ਨੇ ਈਮੇਲ ਭੇਜ ਕੇ ਧਮਕੀ ਦੇਣ ਵਾਲੇ ਮਹੀਪਾਲ ਵਾਸੀ ਕਾਕੇਲਾਵ ਫਿਟਕਸੀ ਜ਼ਿਲਾ ਜੋਧਪੁਰ (ਰਾਜਸਥਾਨ) ਨੂੰ ਦਿੱਲੀ ਦੇ ਬਹਾਦੁਰਗੜ੍ਹ ਇਲਾਕੇ ਤੋਂ ਦੋ ਮੋਬਾਈਲ ਫ਼ੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।


ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਮਹੀਪਾਲ ਪ੍ਰਸਿੱਧੀ ਚਾਹੁੰਦਾ ਸੀ, ਇਸ ਲਈ ਉਸ ਨੇ ਇੰਸਟਾਗ੍ਰਾਮ 'ਤੇ ਏਜੇ ਬਿਸ਼ਨੋਈ ਦੇ ਨਾਂ 'ਤੇ ਆਈਡੀ ਬਣਾ ਕੇ ਮੇਲ ਭੇਜੀ। ਉਨ੍ਹਾਂ ਨੇ ਦੱਸਿਆ ਕਿ ਇਹ ਵਿਅਕਤੀ ਪ੍ਰਸਿੱਧੀ ਚਾਹੁੰਦਾ ਸੀ ਪਰ ਪੁਲਿਸ ਨੂੰ ਅਜੇ ਤੱਕ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ।


ਉਨ੍ਹਾਂ ਨੇ ਦੱਸਿਆ ਕਿ ਪੁਲਿਸ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਜਾਂਚ ਕਰੇਗੀ ਅਤੇ ਜੇਕਰ ਇਸ 'ਚ ਕੋਈ ਹੋਰ ਸਾਥੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਿੱਚ ਹੋਰ ਗੰਨਮੈਨ ਦੇ ਕੇ ਵਾਧਾ ਕੀਤਾ ਗਿਆ ਹੈ।