ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਸਚਿਨ ਥਾਪਨ ਦੀ ਅਜ਼ਰਬਾਈਜਾਨ 'ਚ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਸਾਥੀ ਅਨਮੋਲ ਬਿਸ਼ਨੋਈ ਨੂੰ ਕੀਨੀਆ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਫਰਜ਼ੀ ਪਾਸਪੋਰਟਾਂ ਰਾਹੀਂ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਤਿਆਰ ਕਰਨ ਵਿੱਚ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਸਮੇਂ ਇਹ ਦੋਵੇਂ ਕੈਨੇਡਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਦੇ ਵੀ ਲਗਾਤਾਰ ਸੰਪਰਕ ਵਿੱਚ ਸਨ। ਸਚਿਨ ਥਾਪਨ ਗੈਂਗਸਟਰ ਲਾਰੈਂਸ ਦਾ ਰਿਸ਼ਤੇਦਾਰ ਅਤੇ ਅਨਮੋਲ ਸਕਾ ਭਰਾ ਹੈ।


ਕੇਂਦਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਅਨਮੋਲ ਵੀ ਮੂਸੇਵਾਲਾ ਕਤਲ ਕੇਸ ਵਿੱਚ ਵਾਂਟੇਡ ਹੈ। ਇਸ ਤੋਂ ਪਹਿਲਾਂ ਸਚਿਨ ਥਾਪਨ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮੂਸੇਵਾਲਾ ਕਤਲ ਕੇਸ ਵਿੱਚ ਅਜ਼ਰਬਾਈਜਾਨ ਅਤੇ ਕੀਨੀਆ ਵਿੱਚ ਇੱਕ-ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਾਂ। ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਦੋਵਾਂ ਦਾ ਅਪਰਾਧਿਕ ਇਤਿਹਾਸ ਮੰਗਿਆ ਸੀ ਤਾਂ ਜੋ ਉਨ੍ਹਾਂ ਨੂੰ ਭਾਰਤ ਲਿਆਂਦਾ ਜਾ ਸਕੇ।


ਜਾਅਲੀ ਪਾਸਪੋਰਟ 'ਤੇ ਹੋਏ ਸੀ ਫਰਾਰ


ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਦਾ ਭਰਾ ਅਨਮੋਲ ਅਤੇ ਭਾਣਜਾ ਸਚਿਨ ਥਾਪਨ ਵਿਦੇਸ਼ ਭੱਜ ਗਏ ਸਨ। ਲਾਰੈਂਸ ਨੇ ਉਨ੍ਹਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਫਰਾਰ ਕਰ ਦਿੱਤਾ ਸੀ। ਦੋਵੇਂ ਪਹਿਲਾਂ ਨੇਪਾਲ ਗਏ ਸਨ। ਉਸ ਤੋਂ ਬਾਅਦ ਕੈਨੇਡਾ ਅਤੇ ਦੁਬਈ ਚਲੇ ਗਏ। ਉਥੋਂ ਸਚਿਨ ਥਾਪਨ ਅਜ਼ਰਬਾਈਜਾਨ ਚਲਾ ਗਿਆ ਅਤੇ ਉਥੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਨਮੋਲ ਉਥੋਂ ਭੱਜ ਕੇ ਕੀਨੀਆ ਚਲਾ ਗਿਆ, ਉਹ ਵੀ ਉਥੇ ਫੜਿਆ ਗਿਆ ਹੈ। ਦੋਵਾਂ ਕੋਲ ਫਰਜ਼ੀ ਨਾਵਾਂ ਅਤੇ ਪਤਿਆਂ ਵਾਲੇ ਪਾਸਪੋਰਟ ਸਨ।


ਦੋਵੇਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ


ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿੱਚ ਜੁਟੀ ਪੁਲਿਸ ਮੁਤਾਬਕ ਅਨਮੋਲ ਅਤੇ ਸਚਿਨ ਥਾਪਨ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਸਚਿਨ ਥਾਪਨ ਨੇ ਵੀ ਨਿਸ਼ਾਨੇਬਾਜ਼ਾਂ ਅਤੇ ਹਥਿਆਰ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਅਨਮੋਲ ਦੀ ਲੋਕੇਸ਼ਨ ਟਰੇਸ ਹੋਣ ਦੀ ਚਰਚਾ ਸੀ।