Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਿੱਤ ਨਵੇਂ ਮੋੜ ਲੈ ਰਿਹਾ ਹੈ। ਸ਼ੁਰੂਆਤ ਵਿੱਚ ਇਸ ਨੂੰ ਗੈਂਗਸਟਰਾਂ ਵੱਲੋਂ ਕੀਤਾ ਗਿਆ ਕਤਲ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ਦੇ ਤਾਰ ਮਿਊਜ਼ਿਕ ਇਡੰਸਟਰੀ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਮਿਊਜ਼ਿਕ ਇਡੰਸਟਰੀ ਨਾਲ ਜੁੜੀਆਂ ਦੋ ਹਸਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ। ਸੂਤਰਾਂ ਮੁਤਾਬਕ ਇਸ ਕੇਸ ਬਾਰੇ ਹੁਣ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਤੱਕ ਗੈਂਗਸਟਰਾਂ ਖਿਲਾਫ ਹੀ ਕਾਰਵਾਈ ਕੀਤੀ ਜਾ ਰਹੀ ਸੀ ਪਰ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਾਅਵਾ ਕੀਤਾ ਸੀ ਕਿ ਕਤਲ ਪਿੱਛੇ ਮਿਊਜ਼ਿਕ ਇਡੰਸਟਰੀ ਦੇ ਲੋਕਾਂ ਦਾ ਵੀ ਹੱਥ ਹੈ। ਉਨ੍ਹਾਂ ਨੇ ਇਸ ਬਾਰੇ ਵੱਡਾ ਖੁਲਾਸਾ ਕਰਨ ਦਾ ਵੀ ਦਾਅਵਾ ਕੀਤਾ ਸੀ। ਇਸ ਮਗਰੋਂ ਪੁਲਿਸ ਵੱਲੋਂ ਹੋਰ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਵਿੱਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਮੁਲਿਸ ਨੇ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਖਿਲਾਫ ਕੇਸ ਦਰਜ ਕੀਤਾ ਹੈ। ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ’ ਤੇ ‘ਜੱਟ ਲਾਈਫ ਸਟੂਡੀਓ’ ਚਲਾਉਂਦੇ ਹਨ। ਦੋਵੇਂ ਮੁਲਜ਼ਮਾਂ ’ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਰੇਵਾਲ ਤੇ ਜੋਤੀ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦਿਨਾਂ ਦੇ ਉਸ ਦੇ ਦੋਸਤ ਸਨ ਤੇ ਦੋਵਾਂ ਨਾਲ ਸਿੱਧੂ ਦੀਆਂ ਕਾਫ਼ੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖ਼ਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ।
ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿੱਚ ਦੋ ਸਿੱਧੂ ਦੇ ਗੁਆਂਢੀ ਹਨ, ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜਗਤਾਰ ਪਹਿਲਾਂ ਸਿੱਧੂ ਦਾ ਨਜ਼ਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ।
ਜਗਤਾਰ ਖ਼ਿਲਾਫ਼ ਇਹ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਘਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ ਅਸਲ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰਕੇ ਲਗਾਏ ਗਏ ਸਨ, ਜਿਸ ਰਾਹੀਂ ਉਹ ਸਿੱਧੂ ’ਤੇ ਨਜ਼ਰ ਰੱਖ ਰਿਹਾ ਸੀ। ਸਾਲ 2020 ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੰਵਰਪਾਲ ਸਿੰਘ ਤੇ ਜੋਤੀ ਪੰਧੇਰ ਖ਼ਿਲਾਫ਼ ਸਿੱਧੂ ਦਾ ਇੱਕ ਗੀਤ ਲੀਕ ਕਰਨ ਸਬੰਧੀ ਇੱਕ ਐਫਆਈਆਰ ਵੀ ਦਰਜ ਕਰਵਾਈ ਗਈ ਸੀ।