ਜਲੰਧਰ: ਨਰਸ ਬਲਜਿੰਦਰ ਕੌਰ ’ਤੇ ਤੇਜ਼ਧਾਰ ਚਾਕੂ ਨਾਲ ਕਈ ਵਾਰ ਕਰਦਿਆਂ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਸਦਗੁਰੂ ਸਿੰਘ ਬਾਰੇ ਪੁਲਿਸ ਜਾਂਚ ਵਿਚ ਵੱਡੀ ਗੱਲ ਸਾਹਮਣੇ ਆਈ ਹੈ। ਉਕਤ ਦੋਸ਼ੀ ਨਗਰ ਕੌਂਸਲ ਦਫ਼ਤਰ ਮੰਡੀ ਗੋਬਿੰਦਗੜ੍ਹ ’ਚ ਮਾਲੀ ਦੀ ਨੌਕਰੀ ਕਰਦਾ ਸੀ ਅਤੇ ਉਥੋਂ ਉਹ ਟਰੇਨ ’ਚ ਸਵਾਰ ਹੋ ਕੇ ਜਲੰਧਰ ਪਹੁੰਚਿਆ ਸੀ।


DCP ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਦੀ ਗਾਈਡਲਾਈਨ ’ਤੇ ਕੰਮ ਕਰਦੇ ਹੋਏ ਸੀ। CIA ਸਟਾਫ਼-1 ਦੇ ਇੰਚਾਰਜ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਕਥਿਤ ਦੋਸ਼ੀ ਸਦਗੁਰੂ ਸਿੰਘ ਪੁੱਤਰ ਕਰਮਾ ਸਿੰਘ ਵਾਸੀ ਪਿੰਡ ਟਿੱਬੀ ਥਾਣਾ ਅਮਲੋਹ ਨੂੰ ਨਗਰ ਕੌਂਸਲ ਦਫ਼ਤਰ ਮੰਡੀ ਗੋਬਿੰਦਗੜ੍ਹ ਤੋਂ ਕਾਬੂ ਕੀਤਾ ਹੈ। 


ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਿਰਫ਼ 24 ਘੰਟਿਆਂ ’ਚ ਮਾਮਲੇ ਨੂੰ ਟਰੇਸ ਕਰਨ ਤੋਂ ਬਾਅਦ CP ਨੇ DCP ਤੇਜਾ ਅਤੇ CIA ਸਟਾਫ਼-1 ਦੀ ਵੀ ਸ਼ਲਾਘਾ ਕੀਤੀ। 


ਮ੍ਰਿਤਕ ਨਰਸ ਬਲਜਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੋਧੇ ਥਾਣਾ ਬਿਆਸ ਦੀ ਵਸਨੀਕ ਸੀ।ਕਰੀਬ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਸਦਗੁਰੂ ਸਿੰਘ ਦੀ ਦੋਸਤ ਬਣੀ ਨਰਸ ਬਲਜਿੰਦਰ ਕੌਰ ਵੱਲੋਂ ਉਸ ਦੇ ਵ੍ਹਟਸਐਪ ’ਤੇ ਸਦਗੁਰੂ ਦਾ ਨੰਬਰ ਬਲਾਕ ਕਰ ਦਿੱਤਾ ਗਿਆ ਸੀ, ਜਦਕਿ ਦੋਸ਼ੀ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।


ਨੰਬਰ ਬਲਾਕ ਹੋਣ ਕਾਰਨ ਉਹ ਗੁੱਸੇ 'ਚ ਆ ਕੇ ਜਲੰਧਰ ਪਹੁੰਚ ਗਿਆ ਅਤੇ ਹਸਪਤਾਲ ’ਚ ਦਾਖ਼ਲ ਹੋ ਕੇ ਨਰਸ ਬਲਜਿੰਦਰ ਕੌਰ ਦੀ ਜਾਨ ਲੈ ਲਈ। ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ CIA ਸਟਾਫ਼ ਦੀ ਟੀਮ ਨੇ ਘਟਨਾ ਤੋਂ ਕੁਝ ਦੇਰ ਬਾਅਦ ਹੀ ਦੋਸ਼ੀ ਸਦਗੁਰੂ ਨੂੰ ਬੇਨਕਾਬ ਕਰਨ ’ਚ ਸਫ਼ਲਤਾ ਹਾਸਲ ਕੀਤੀ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਦੋਸ਼ੀ ਸਦਗਰੂ ਰੇਲਗੱਡੀ ’ਚ ਆਪਣੇ ਨਾਲ ਲੈ ਕੇ ਆਇਆ ਸੀ। ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।  


24 ਅਗਸਤ ਦੀ ਰਾਤ ਨੂੰ ਪਰਲ ਹਸਪਤਾਲ ’ਚ ਵਾਪਰੀ ਘਟਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰ. 6 ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ IPC ਦੀਆਂ ਧਾਰਾਵਾਂ 302, 307, 120-ਬੀ ਤਹਿਤ 142 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਸ ਕਮਿਸ਼ਨਰ ਵੱਲੋਂ ਥਾਣਾ-6 ਸਮੇਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਮਾਮਲੇ ਨੂੰ ਟਰੇਸ ਕਰਨ ਲਈ ਮੁੱਖ ਤੌਰ ’ਤੇ ਸੁਪਰਵੀਜ਼ਨ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਕੋਲ ਸੀ, ਜਿਨ੍ਹਾਂ ਨੇ ਆਪਣੀ ਸੂਝ-ਬੂਝ ਨਾਲ ਮੁਲਜ਼ਮਾਂ ਨੂੰ ਟਰੇਸ ਕਰ ਕੇ ਕੁਝ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ।