ਮਾਨਸਾ : ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜਾਨ ਗਵਾਉਣ ਵਾਲੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਆਦਮਕਦ ਬੁੱਤ ਪਰਿਵਾਰ ਵੱਲੋਂ ਬਣਾਏ ਗਏ ਸਮਾਰਕ ਤੇ ਸਥਾਪਤ ਕੀਤਾ ਗਿਆ ਹੈ। ਪਿੰਡ ਮਾਣੂਕੇ ਦੇ ਬੁੱਤਕਾਰ ਇਕਬਾਲ ਗਿੱਲ ਵੱਲੋਂ ਬਣਾਏ ਸਿੱਧੂ ਮੂਸੇ ਵਾਲਾ ਦੇ ਆਦਮਕਦ ਬੁੱਤ ਨੂੰ ਸਥਾਪਤ ਕਰਨ ਦੀ ਰਸਮ ਸਿੱਧੂ ਦੇ ਮਾਤਾ ਪਿਤਾ ਨੇ ਕੀਤੀ। ਇਸ ਦੌਰਾਨ ਸਿੱਧੂ ਦੇ ਹਜ਼ਾਰਾਂ ਫੈਨਜ਼ ਦਾ ਇਕੱਠ ਉਮੜ ਆਇਆ। ਉਥੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋ ਤੱਕ ਸਰਕਾਰ ਸਿੱਧੂ ਨੂੰ ਮਾਰਨ ਵਾਲੇ ਸੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਆਕਾਵਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਇਨਸਾਫ ਅਧੂਰਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੇ ਰਹਿਣਗੇ। ਦੋ ਮਹੀਨਿਆਂ ਬਾਅਦ ਵੀ ਇੰਨਾ ਇਕੱਠ ਦੇਖ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਜਲਦ ਇਨਸਾਫ ਮਿਲੇ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ ਅਤੇ ਉਮੀਦ ਹੈ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪਾਪੀਆਂ ਨੇ ਇੱਕ ਨਿਰਦੋਸ਼ ਉਪਰ ਗੋਲੀਆਂ ਚਲਾਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਤੇ ਗੋਲੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤਕ ਸਰਕਾਰ ਸ਼ੂਟਰਾਂ ਨੂੰ ਹੁਕਮ ਦੇਣ ਵਾਲੇ ਵਿਦੇਸ਼ਾਂ ਵਿੱਚ ਬੈਠੇ ਹੁਕਮਰਾਨਾਂ ਦਾ ਕੋਈ ਹੱਲ ਨਹੀਂ ਹੁੰਦਾ, ਤਦ ਤੱਕ ਇਨਸਾਫ ਅਧੂਰਾ ਹੈ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇੰਨੀ ਕੁ ਆਜ਼ਾਦੀ ਚਾਹੁੰਦਾ ਹੈ ਕਿ ਉਹ ਬੇਖੌਫ ਹੋ ਕੇ ਆਪਣੇ ਕੰਮ-ਧੰਦੇ ਜਾ ਸਕੇ ਅਤੇ ਹਰ ਨਾਗਰਿਕ ਨੂੰ ਇੰਨੀ ਕੁ ਸੁਰੱਖਿਆ ਦੇਣਾ ਸਰਕਾਰ ਦੀ ਡਿਊਟੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਬਹੁਤ ਮਾੜੇ ਹਨ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਜਿਹੇ ਹਾਲਾਤ ਕਿਸੇ ਹੋਰ ਦੇ ਨਾ ਬਣਨ। ਉਹਨਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਭਰੋਸਾ ਜਤਾਇਆ।