ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਥਰਡ ਡਿਗਰੀ ਤੋਂ ਡਰਿਆ ਹੋਇਆ ਹੈ। ਇਸੇ ਲਈ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਜਲਦ ਹੀ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰਨ ਜਾ ਰਿਹਾ ਹੈ। ਬਿਸ਼ਨੋਈ ਦੇ ਵਕੀਲ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਪੁਲਿਸ ਪੁੱਛਗਿੱਛ ਦੌਰਾਨ ਕਈ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ, ਇਹ ਜਾਇਜ਼ ਨਹੀਂ ਹੈ।



ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੰਜਾਬ ਪੁਲਿਸ ਦੀ ਹਿਰਾਸਤ 'ਚ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਿਸ 'ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ। ਐਡਵੋਕੇਟ ਚੋਪੜਾ ਨੇ ਕਿਹਾ ਹੈ ਕਿ ਪੁਲਿਸ ਨੇ ਪੁੱਛਗਿੱਛ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਪੰਜਾਬ ਪੁਲਿਸ ਦੀ ਲਾਪ੍ਰਵਾਹੀ ਇਹ ਹੈ ਕਿ ਉਹ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਵੀਡੀਓਗ੍ਰਾਫੀ ਨਹੀਂ ਕਰਵਾ ਰਹੀ।
 
ਇਸ ਦੇ ਨਾਲ ਹੀ ਪੁਲਿਸ ਪੁੱਛਗਿੱਛ ਦੌਰਾਨ ਥਰਡ ਡਿਗਰੀ ਟਾਰਚਰ ਕਰਕੇ ਸਵਾਲ ਪੁੱਛ ਰਹੀ ਹੈ। ਵਕੀਲ ਅਨੁਸਾਰ ਉਹ ਮਾਨਸਾ ਦੀ ਅਦਾਲਤ ਵਿੱਚ ਇਹ ਸਾਰੇ ਇਤਰਾਜ਼ ਦਾਇਰ ਕਰਨਾ ਚਾਹੁੰਦੇ ਸੀ ਪਰ 21 ਜੂਨ ਦੀ ਦੇਰ ਰਾਤ ਪੰਜਾਬ ਪੁਲਿਸ ਨੇ ਲਾਰੈਂਸ ਨੂੰ ਮੈਜਿਸਟਰੇਟ ਦੇ ਘਰ ਪੇਸ਼ ਕਰਕੇ ਪੰਜ ਦਿਨ ਹੋਰ ਹਿਰਾਸਤ ਵਿੱਚ ਲੈ ਲਿਆ। ਚੋਪੜਾ ਨੇ ਕਿਹਾ ਕਿ ਪੁਲਿਸ ਗੁਪਤ ਰੂਪ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੈ।

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਦੌਰਾਨ ਜੋ ਤਸ਼ੱਦਦ ਦਿੱਤਾ ਗਿਆ ਹੈ, ਪੁਲਿਸ ਉਸ ਨੂੰ ਛੁਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਪੁਲੀਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਨਗੇ। ਪੰਜਾਬ ਪੁਲਿਸ ਨੂੰ ਅਜੇ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੰਜਾਬ ਪੁਲਿਸ ਖਰੜ ਸਥਿਤ ਸੀਆਈਏ ਦਫ਼ਤਰ ਵਿੱਚ ਬਿਸ਼ਨੋਈ ਤੋਂ ਗੁਪਤ ਪੁੱਛਗਿੱਛ ਕਰ ਰਹੀ ਹੈ। ਮੂਸੇਵਾਲਾ ਕਤਲ ਕਾਂਡ ਤੋਂ ਇਲਾਵਾ ਪੁਲਿਸ ਹੋਰ ਵੀ ਕਈ ਮਾਮਲਿਆਂ 'ਚ ਪੁੱਛਗਿੱਛ ਕਰ ਰਹੀ ਹੈ, ਜਿਸ 'ਚ ਪੁਲਿਸ ਨੂੰ ਕੁਝ ਅਹਿਮ ਜਾਣਕਾਰੀਆਂ ਵੀ ਹੱਥ ਲੱਗੀਆਂ ਹਨ।

ਪੁੱਛਗਿੱਛ ਦੌਰਾਨ ਬਿਸ਼ਨੋਈ ਨੇ ਹੁਣ ਤੱਕ ਕੁਝ ਅਹਿਮ ਖੁਲਾਸੇ ਕੀਤੇ ਹਨ। ਇਨ੍ਹਾਂ ਵਿਚੋਂ ਲਾਰੈਂਸ ਨੇ ਪੁਲਿਸ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਕੈਨੇਡਾ ਵਿਚਲੇ ਕਈ ਪਤੇ, ਉਥੋਂ ਦੇ ਸਾਥੀਆਂ ਬਾਰੇ ਵੀ ਦੱਸਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਕਈ ਸ਼ਾਰਪ ਸ਼ੂਟਰਾਂ ਦੇ ਨਾਵਾਂ ਤੇ ਤਿਹਾੜ ਜੇਲ 'ਚ ਬੰਦ ਹੋਣ ਦੌਰਾਨ ਗੋਲਡੀ ਬਰਾੜ ਨਾਲ ਕਈ ਵਾਰ ਮੋਬਾਈਲ 'ਤੇ ਗੱਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।