ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ। ਇਹ ਗੀਤ ਪੰਜਾਬ-ਹਰਿਆਣਾ ਦੇ ਵਿਵਾਦਤ SYL ਮੁੱਦੇ 'ਤੇ ਇਸੇ ਨਾਂ ਨਾਲ ਗਾਇਆ ਗਿਆ ਹੈ। ਬੀਤੀ ਰਾਤ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾਈ ਗਈ। ਇਸ ਨੂੰ ਪੜ੍ਹ ਕੇ ਉਨ੍ਹਾਂ ਦੇ ਫ਼ੈਨਜ 'ਚ ਖੁਸ਼ੀ ਦੀ ਲਹਿਰ ਦੌੜ ਗਈ। ਗੀਤ ਦੇ ਰਿਲੀਜ਼ ਹੋਣ ਦੀ ਪੋਸਟ ਨੂੰ ਫ਼ੈਨਜ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।


ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਮੂਸੇਵਾਲਾ ਨੇ SYL 'ਤੇ ਲਿਖਿਆ ਸੀ। ਸਿੱਧੂ ਮੂਸੇਵਾਲਾ ਨੇ ਇਸ ਗੀਤ 'ਚ ਕਈ ਅਹਿਮ ਮੁੱਦੇ ਉਠਾਏ ਹਨ। ਗੀਤ ਦੀਆਂ ਖਾਸ ਗੱਲਾਂ ਕੀ ਹਨ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਦੋਂ ਤੋਂ ਫੈਨਜ਼  ਨੂੰ ਪਤਾ ਲੱਗਾ ਹੈ ਕਿ ਸਿੱਧੂ ਦਾ ਗੀਤ ਰਿਲੀਜ਼ ਹੋਵੇਗਾ, ਉਹ ਇਸ ਪੋਸਟ ਨੂੰ ਸ਼ੇਅਰ ਕਰ ਰਹੇ ਹਨ।

ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਪਿੰਡ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਅੰਤਿਮ ਅਰਦਾਸ ਰੱਖੀ ਗਈ ਸੀ, ਜਿਸ ਵਿੱਚ ਪਿਤਾ ਨੇ ਆਏ ਹੋਏ ਲੋਕਾਂ ਨਾਲ ਆਪਣੇ ਦਿਲ ਦੀਆਂ ਕਈ ਗੱਲਾਂ ਕਹੀਆਂ।

ਪਿਤਾ ਨੇ ਕਿਹਾ ਸੀ ਕਿ ਉਹ ਆਪਣੇ ਬੇਟੇ ਨੂੰ ਅਗਲੇ 5-7 ਸਾਲਾਂ ਤੱਕ ਗੀਤਾਂ ਰਾਹੀਂ ਤੁਹਾਡੇ ਸਾਰਿਆਂ ਵਿਚਕਾਰ ਜ਼ਿੰਦਾ ਰੱਖਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਦੱਸਿਆ ਸੀ ਕਿ ਸਿੱਧੂ ਦੇ ਕਈ ਗੀਤ ਰਿਲੀਜ਼ ਹੋਣ ਦੀ ਸਟੇਜ 'ਤੇ ਹਨ। ਸਿੱਧੂ ਨੇ ਕਈ ਗੀਤ ਲਿਖੇ ਸਨ। ਪਾਈਪਲਾਈਨ ਵਿੱਚ ਆਉਣ ਵਾਲੇ ਸਾਰੇ ਗੀਤ ਰਿਲੀਜ਼ ਕੀਤੇ ਜਾਣਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਦਾ ਇੱਕ ਹੋਰ ਗੀਤ ਕਾਫੀ ਮਸ਼ਹੂਰ ਹੋ ਗਿਆ ਸੀ, ਜਿਸ ਦੇ ਰਿਲੀਜ਼ ਹੋਣ ਤੋਂ ਕੁਝ ਹਫਤੇ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਗੀਤ ਸੀ, "ਓਏ ਚੌਬਰ ਦੇ ਚਹਿਰੇ ਉੱਤੇ ਨੂਰ ਦੱਸਦਾ ਨੀ, ਏਹਦਾ ਉੱਠੂਗਾ ਜਵਾਨੀ 'ਚ ਜਾਣਜਾ ਮਿੱਠੀਏ"।

ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਰੈਪਰ ਵਜ਼ੀਰ ਦੇ ਸਹਿਯੋਗ ਨਾਲ 15 ਮਈ ਨੂੰ ਰਿਲੀਜ਼ ਕੀਤਾ ਗਿਆ ਸੀ, ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਗੀਤ ਹੈ ਤੇ ਇਸੇ ਗੀਤ ਦੇ ਬੋਲ ਸੱਚ ਹੋਣ ਜਾ ਰਹੇ ਹਨ। ਦੋ ਹਫ਼ਤੇ ਬਾਅਦ ਹੀ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।