ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹੱਤਿਆ ਮਗਰੋਂ ਸਦਰ ਥਾਣਾ ਮਾਨਸਾ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੂਸੇਵਾਲਾ ਦੇ ਪਿਤਾ ਦੇ ਬਿਆਨ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪਿਤਾ ਦੇ ਬਿਆਨ ਮੁਤਾਬਕ ਮੂਸੇਵਾਲਾ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ 'ਤੇ ਧਮਕੀਆਂ ਭੇਜਦੇ ਸੀ।
ਉਨ੍ਹਾਂ ਦੱਸਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਨੇ ਵੀ ਉਸ ਨੂੰ ਕਈ ਵਾਰ ਧਮਕੀ ਦਿੱਤੀ ਸੀ। ਇਸ ਲਈ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪਿਤਾ ਨੇ ਐਫਆਈਆਰ 'ਚ ਦੱਸਿਆ ਕਿ ਐਤਵਾਰ ਨੂੰ ਉਸ ਦਾ ਬੇਟਾ ਘਰੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਗੱਡੀ 'ਚ ਨਿਕਲਿਆ ਸੀ। ਉਹ ਆਪਣੇ ਗਨਮੈਨ ਅਤੇ ਬੁਲਟਪਰੂਫ ਗੱਡੀ ਨਹੀਂ ਲੈ ਕੇ ਗਿਆ ਸੀ।
ਪਿਤਾ ਨੇ FIR 'ਚੇ ਬਿਆਨ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੱਛੇ ਉਸ ਦੇ ਸਰਕਾਰੀ ਗਨਮੈਨ ਲੈ ਕੇ ਦੂਜੀ ਗੱਡੀ 'ਚ ਗਿਆ ਸੀ। ਰਸਤੇ 'ਚ ਉਨ੍ਹਾਂ ਨੇ ਇੱਕ ਕਰੋਲਾ ਗੱਡੀ ਨੂੰ ਮੂਸੇਵਾਲਾ ਦੀ ਥਾਰ ਦਾ ਪਿੱਛਾ ਕਰਦੇ ਦੇਖਿਆ। ਪਿਤਾ ਨੇ ਦੱਸਿਆ ਕਿ ਉਸ ਗੱਡੀ 'ਚ ਚਾਰ ਨੌਜਵਾਨ ਸਵਾਰ ਸੀ। ਜਦੋਂ ਸਿੱਧੂ ਦੀ ਥਾਰ ਜਵਾਹਰਕੇ ਪਿੰਡ ਦੀ ਫਿਰਨੀ ਦੇ ਕੋਲ ਪਹੁੰਚੀ ਚਾਂ ਉੱਥੇ ਇੱਕ ਸਫੇਦ ਰੰਗ ਦੀ ਬੁਲੈਰੋ ਗੱਡੀ ਪਹਿਲਾਂ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਵਿੱਚ ਵੀ ਚਾਰ ਨੌਜਵਾਨ ਸਵਾਰ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਜਿਦਾਂ ਹੀ ਸਿੱਧੂ ਦੀ ਥਾਰ ਬੁਲੈਰੋ ਗੱਡੀ ਕੋਲ ਪਹੁੰਚੀ ਤਾਂ ਬਦਮਾਸ਼ਾਂ ਨੇ ਅੰਨ੍ਹੇ ਵਾਹ ਫਾਈਰਿੰਗ ਕਰ ਦਿੱਤੀ। ਇਸ ਤੋਂ ਬਾਅਦ ਕੋਰੋਲਾ ਗੱਡੀ ਅਤੇ ਬੁਲੈਰੋ 'ਚ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।ਪਿਤਾ ਨੇ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਪਹੁੰਚ ਰੌਲਾ ਪਿਆ ਤਾਂ ਲੋਕ ਇਕੱਠਾ ਹੋ ਗਏ।
ਪਿਤਾ ਨੇ ਕਿਹਾ ਕਿ ਉਹ ਮੂਸੇਵਾਲਾ ਅਤੇ ਗੱਡੀ 'ਚ ਸਵਾਰ ਉਸਦੇ ਦੋ ਦੋਸਤਾਂ ਨੂੰ ਮਾਨਸਾ ਸਿਵਲ ਹਸਪਤਾਲ ਲੈ ਗਿਆ।ਉਥੇ ਮੇਰੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦੇਈਏ ਕਿ ਇਸ ਕਤਲ ਮਾਮਲੇ 'ਚ ਪੁਲਿਸ ਨੇ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕੋਸ਼ਿਸ਼ ਕਰ ਰਹੀ ਹੈ।