ਹੁਣ ਸਿੱਧੂ ਹੱਥ ਧੋ ਕੇ ਪਏ ਮਜੀਠੀਆ ਦੇ ਪਿੱਛੇ
ਏਬੀਪੀ ਸਾਂਝਾ | 16 Mar 2018 04:54 PM (IST)
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ 'ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਹਨ। ਸਿੱਧੂ ਨੇ ਮਜੀਠੀਆ ਵਿਰੁੱਧ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਮਜੀਠੀਆ ਪੰਜਾਬ ਵਿੱਚ ਐਨ.ਆਰ.ਆਈ. ਨਸ਼ਾ ਤਸਕਰੀ ਦਾ ਧੁਰਾ ਸੀ। ਕੌਮਾਂਤਰੀ ਡਰੱਗ ਰੈਕੇਟ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵੱਲੋਂ ਸੌਂਪੀ ਰਿਪੋਰਟ ਵਿੱਚ ਸਾਬਕਾ ਮੰਤਰੀ ਵਿਰੁੱਧ ਕਾਫੀ ਸਬੂਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਬਾਬਤ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮਜੀਠੀਆ ਬਾਰੇ ਪੂਰੀ ਤਫ਼ਤੀਸ਼ ਲਾਜ਼ਮੀ ਹੈ। ਸਿੱਧੂ ਨੇ ਕਿਹਾ, "ਬਿਕਰਮ ਮਾਈਨਿੰਗ ਸਰਗਣਾ ਸੀ ਤੇ ਕੌਮਾਂਤਰੀ ਡਰੱਗ ਰੈਕੇਟ ਵਿੱਚ ਮੁਲਜ਼ਮ ਐਨਆਰਆਈ ਸੱਤਾ, ਪਿੰਦੀ ਤੇ ਲਾਡੀ ਮਜੀਠੀਆ ਦੇ ਖਾਸ ਸਨ। ਉਹ ਪੰਜਾਬ ਆਉਣ 'ਤੇ ਬਿਕਰਮ ਦੇ ਘਰ ਹੀ ਰਹਿੰਦੇ ਸਨ ਤੇ ਉਹ ਉਨ੍ਹਾਂ ਨੂੰ ਗੰਨਮੈਨ ਵੀ ਦਿੰਦਾ ਸੀ।" ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਐਸਟੀਐਫ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਨਵਜੋਤ ਸਿੱਧੂ ਨੇ ਐਸਟੀਐਫ ਦੀ ਰਿਪੋਰਟ ਦੇ ਆਧਾਰ 'ਤੇ ਕਿਹਾ ਕਿ ਬਿੱਟੂ ਔਲਖ ਤੇ ਜਗਜੀਤ ਚਹਿਲ ਨੂੰ ਮਜਬੂਰ ਕਰ ਕੇ ਨਸ਼ਾ ਤਸਕਰੀ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਜੀਠੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।