ਚੰਡੀਗੜ੍ਹ: ਦੇਸ਼ ਦਾ ਕਿਸਾਨ 10 ਦਿਨ ਦੀ ਹੜਤਾਲ 'ਤੇ ਹੈ ਤੇ ਇਸੇ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੀ 'ਸਾਰ' ਲੈਣ ਪਹੁੰਚੇ। 'ਏਬੀਪੀ ਸਾਂਝਾ' ਦੇ ਸਵਾਲ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਸਬਜ਼ੀਆਂ ਲੈਣ ਨਾਲ ਕਿਸਾਨ ਖੁਸ਼ ਨਹੀਂ ਹੋ ਜਾਣੇ, ਬੱਸ ਮੈਂ ਆਪਣਾ ਫ਼ਰਜ਼ ਨਿਭਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਰੇ ਸਿਆਸਤਦਾਨਾਂ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ।

 

ਕੈਬਨਿਟ ਮੰਤਰੀ ਹਲਕਾ ਵਿਧਾਇਕ ਕੁਲਜੀਤ ਨਾਗਰਾ ਨਾਲ ਫ਼ਤਹਿਗੜ੍ਹ ਸਾਹਿਬ ਦੇ ਚੁੰਨੀ ਦੇ ਪਿੰਡ ਪੱਤੋ ਵਿੱਚ ਕਿਸਾਨਾਂ ਤੋਂ ਸਬਜ਼ੀਆਂ ਖਰੀਦਣ ਪੁੱਜੇ। ਆਪਣੀ 'ਲੋੜ' ਮੁਤਾਬਕ ਕੈਬਨਿਟ ਮੰਤਰੀ ਨੇ ਕਿਸਾਨ ਹਰਸ਼ਰਨ ਸਿੰਘ ਦੇ ਆਰਗੈਨਿਕ ਖੇਤ ਵਿੱਚੋਂ ਦੋ ਹਜ਼ਾਰ ਰੁਪਏ ਦੀ ਸਬਜ਼ੀ ਤੇ ਦੁੱਧ ਖਰੀਦਿਆ।

ਇਸ ਮੌਕੇ ਸਿੱਧੂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਨਹੀਂ ਕਰ ਰਹੀ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਇੱਥੇ ਹੀ ਆਪਣੇ ਮੂੰਹ ਮੀਆਂ ਮਿੱਠੂ ਬਣਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਪੱਖ ਵਿੱਚ ਕੰਮ ਕੀਤਾ ਹੈ ਤੇ ਕਰਜ਼ਾ ਮੁਆਫੀ ਸਮੇਤ ਹੋਰ ਵੀ ਕਦਮ ਚੁੱਕਣ ਦਾ ਐਲਾਨ ਕੀਤਾ।

ਪਹਿਲੀ ਜੂਨ ਤੋਂ ਲੈ ਕੇ 10 ਜੂਨ ਤਕ ਦੇਸ਼ ਭਰ ਦੇ ਕਿਸਾਨਾਂ ਨੇ ਸ਼ਹਿਰਾਂ ਨੂੰ ਦੁੱਧ, ਫਲ ਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਵਿੱਚ ਵੀ ਕਈ ਥਾਈਂ ਕਿਸਾਨਾਂ ਨੇ ਸਬਜ਼ੀਆਂ ਦੀ ਸਪਲਾਈ ਠੱਪ ਕਰਨ ਲਈ ਨਾਕੇ ਵੀ ਲਾਏ ਹੋਏ ਹਨ। ਇਸ ਦੌਰਾਨ ਫ਼ਰੀਦਕੋਟ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਵਿਚਾਲੇ ਮਾਹੌਲ ਗਰਮ ਵੀ ਹੋ ਗਿਆ ਸੀ। ਉਧਰ ਧੂਰੀ ਦੇ ਕਿਸਾਨਾਂ ਨੇ ਦੁੱਧ ਸ਼ਹਿਰ ਵਿੱਚ ਵੇਚਣ ਦੀ ਥਾਂ ਆਮ ਲੋਕਾਂ ਲਈ ਹੀ ਛਬੀਲ ਲਾ ਦਿੱਤੀ। ਅਜਿਹੇ ਵਿੱਚ ਸਿੱਧੂ ਦਾ ਕਿਸਾਨ ਤੋਂ ਸਬਜ਼ੀ ਖਰੀਦਣ ਜਾਣਾ ਸਿਆਸੀ ਸ਼ੋਸ਼ਾ ਹੀ ਜਾਪਦਾ ਹੈ, ਕਿਉਂਕਿ ਜਨਾਬ ਪਹਿਲਾਂ ਇਸ ਤਰ੍ਹਾਂ ਆਮ ਵਾਂਗ ਕਿਸਾਨ ਕੋਲ ਚੱਲ ਕੇ ਭਾਜੀ ਤਰਕਾਰੀ ਖਰੀਦਣ ਤਾਂ ਗਏ ਨਹੀਂ।