ਚੰਡੀਗੜ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਗਲਿਆਰਾ ਪ੍ਰਾਜੈਕਟ ਸਬੰਧੀ ਭ੍ਰਿਸ਼ਟਾਚਾਰ ਖਿਲਾਫ ਕਰੜੀ ਕਾਰਵਾਈ ਕੀਤੀ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਾਰਪੋਰੇਸ਼ਨ ਕਾਡਰ ਦੇ 33 ਅਧਿਕਾਰੀਆਂ, ਜੋ ਕਿ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿਖੇ ਤੈਨਾਤ ਰਹੇ ਅਤੇ ਗਲਿਆਰਾ ਪ੍ਰੋਜੈਕਟ ਨਾਲ ਸਬੰਧਤ ਰਹੇ, ਨੂੰ ਆਪਣੇ ਫਰਜ ਵਿਚ ਕੁਤਾਹੀ ਵਰਤਣ ਅਤੇ ਮਿਉਂਸਿਪਲ ਕਾਰਪੋਰੇਸ਼ਨ ਐਕਟ ਤੇ ਪੰਜਾਬ ਸਿਵਲ ਸਰਵਿਸਿਜ (ਪਨੀਸ਼ਮੈਂਟ ਐਂਡ ਅਪੀਲਜ਼) ਰੂਲਜ ਦੇ ਨਿਯਮ 8 ਦੇ ਪ੍ਰਾਵਧਾਨਾਂ ਦੀ ਉਲੰਘਣਾ ਕਰਨ ਕਰ ਕੇ ਚਾਰਜਸ਼ੀਟ ਕੀਤਾ ਗਿਆ ਸੀ। ਚਾਰਜਸ਼ੀਟ ਕੀਤੇ ਅਧਿਕਾਰੀਆਂ ਦੇ ਜਵਾਬਾਂ 'ਤੇ ਵਿਚਾਰ ਕਰਨ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਉਸ ਵੇਲੇ ਦੇ ਐਸ.ਟੀ.ਪੀ., ਅੰਮ੍ਰਿਤਸਰ ਹੇਮੰਤ ਬਤਰਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। ਹੋਰ ਅਧਿਕਾਰੀਆਂ ਬਾਂਕੇ ਬਿਹਾਰੀ, ਏ ਟੀ ਪੀ, ਰਜਿੰਦਰ ਸ਼ਰਮਾ ਏ.ਟੀ.ਪੀ. ਅਤੇ ਹਰਜਿੰਦਰ ਸਿੰਘ ਬਿਲਡਿੰਗ ਇੰਸਪੈਕਟਰ ਨੂੰ ਆਪਣੇ ਮੌਜੂਦਾ ਅਹੁਦੇ ਤੋਂ ਇੱਕ ਅਹੁਦਾ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਕਤੀ ਸਾਗਰ ਭਾਟੀਆ ਐਸ.ਟੀ.ਪੀ., ਦੇਸਰਾਜ ਐਮ.ਟੀ.ਪੀ., ਸੁਰਜੀਤ ਸਿੰਘ ਏ.ਟੀ.ਪੀ., ਸੁਰੇਸ਼ ਰਾਜ ਏ.ਟੀ.ਪੀ., ਮਨੋਹਰ ਸਿੰਘ ਭੱਟੀ ਏ.ਟੀ.ਪੀ. ਅਤੇ ਬਿਲਡਿੰਗ ਇੰਸਪੈਕਟਰ ਮਾਈਕਲ ਨੂੰ ਤਿੰਨ ਸਾਲਾਂ ਦੇ ਸਮੇਂ ਲਈ ਪੈਂਸ਼ਨ ਵਿੱਚ 50 ਫ਼ੀ ਸਦੀ ਕਟੌਤੀ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ।