ਪਟਿਆਲਾ: ਇੱਥੋਂ ਦੇ ਇਤਿਹਾਸਿਕ ਗੁਰੂਦਵਾਰਾ ਮੋਤੀ ਬਾਗ਼ ਸਾਹਿਬ ਵਿਖੇ ਦੁਖਦਾਇਕ ਹਾਦਸਾ ਵਾਪਰਿਆ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਦਰਸ਼ਨ ਕਰਨ ਆਈਆਂ ਮਾਂ ਅਤੇ ਧੀ ਦੀ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਮਾਂ-ਧੀ ਸਰੋਵਰ ਕੋਲ ਇਸ਼ਨਾਨ ਲਈ ਗਈਆਂ ਸਨ ਤਾਂ ਪੈਰ ਤਿਲ੍ਹਕ ਜਾਣ ਕਾਰਨ ਦੋਵੇਂ ਸਰੋਵਰ ਵਿੱਚ ਡਿੱਗ ਗਈਆਂ। ਮ੍ਰਿਤਕ ਬੱਚੀ ਦਾ ਨਾਂ ਏਨਮ ਅਤੇ ਉਸ ਦੀ ਮਾਂ ਦਾ ਨਾਂ ਹਰਵਿੰਦਰ ਕੌਰ ਦੱਸਿਆ ਜਾਂਦਾ ਹੈ।

ਮ੍ਰਿਤਕ ਲੜਕੀ ਦੀ ਉਮਰ ਕਰੀਬਨ 4 ਸਾਲ ਦੱਸੀ ਜਾ ਰਹੀ ਹੈ ਤੇ ਉਸ ਦੀ ਮਾਂ ਦੀ ਉਮਰ ਤਕਰੀਬਨ 32 ਸਾਲ ਹੈ। ਦੋਵੇਂ ਜਣੀਆਂ ਪਟਿਆਲਾ ਦੇ ਹੀ ਪਿੰਡ ਜੱਟਾਂ ਵਾਲੇ ਚੋਤਰਾ ਦੀਆਂ ਰਹਿਣ ਵਾਲਿਆਂ ਸਨ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਬੀਤੀ ਸ਼ਾਮ ਸਥਾਨਕ ਪੁਲਿਸ ਚੌਕੀ ਵਿੱਚ ਦੋਵਾਂ ਦੇ ਲਾਪਤਾ ਹੋਣ ਦੀ ਇਤਲਾਹ ਦਿੱਤੀ ਗਈ ਸੀ। ਹਾਲੇ ਮ੍ਰਿਤਕਾਂ ਦੀ ਸ਼ਨਾਖ਼ਤ ਕਰਵਾਉਣੀ ਬਾਕੀ ਹੈ।