ਬਾਦਲਾਂ ਦੇ 121 ਕਰੋੜੀ ਹਵਾਈ ਝੂਟਿਆਂ 'ਤੇ ਅਕਾਲੀ ਦਲ ਨੇ ਸਿੱਧੂ ਨੂੰ ਘੇਰਿਆ
ਏਬੀਪੀ ਸਾਂਝਾ | 16 Jul 2018 01:09 PM (IST)
ਚੰਡੀਗੜ੍ਹ: ਬਾਦਲ ਪਰਿਵਾਰ ਵੱਲੋਂ ਪਿਛਲੇ 10 ਸਾਲਾਂ ਦੀ ਸਰਕਾਰ ਦੌਰਾਨ ਜਹਾਜ਼ਾਂ 'ਤੇ 121 ਕਰੋੜ ਰੁਪਏ ਦੇ ਝੂਟੇ ਲੈਣ ਦੇ ਮਾਮਲੇ 'ਤੇ ਉਲਟਾ ਨਵਜੋਤ ਸਿੱਧੀ ਨੂੰ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਦੋਵਾਂ ਦੇ ਹਵਾਈ ਯਾਤਰਾ ਖਰਚਿਆਂ ਦੀ ਤੁਲਨਾ ਕਰਦੇ ਸਮੇਂ ਸ਼ਰੇਆਮ ਝੂਠ ਬੋਲ ਰਹੇ ਹਨ। ਉਂਝ ਅਕਾਲੀ ਦਲ ਨੇ 121 ਕਰੋੜ ਰੁਪਏ ਦੇ ਖਰਚੇ ਬਾਰੇ ਕੁਝ ਨਹੀਂ ਬੋਲਿਆ। ਯਾਦ ਰਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਕਿਹਾ ਸੀ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੀ ਸਰਕਾਰ ਦੌਰਾਨ 121 ਕਰੋੜ ਰੁਪਏ ਪ੍ਰਾਈਵੇਟ ਚਾਰਟਰ ਤੇ ਹੈਲੀਕਪਟਰਾਂ ਉੱਤੇ ਖਰਚੇ ਸਨ। ਸਿੱਧੂ ਨੇ ਕਿਹਾ ਕਿ ਇਹ ਜਾਣਕਾਰੀ ਆਰਟੀਆਈ ਰਾਹੀਂ ਪ੍ਰਾਪਤ ਕੀਤੀ ਗਈ ਹੈ। ਇਸ ਦੇ ਜਵਾਬ ਵਿੱਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਕਾਂਗਰਸੀ ਹਕੂਮਤ ਦੇ ਪਿਛਲੇ 9 ਮਹੀਨਿਆਂ ਦੌਰਾਨ ਹਵਾਈ ਯਾਤਰਾ ਉੱਤੇ ਹੋਏ ਘੱਟ ਖਰਚੇ ਦਰਸਾਉਣ ਲਈ ਬੜੇ ਹੀ ਹਾਸੋਹੀਣੇ ਅੰਕੜੇ ਸਾਹਮਣੇ ਲੈ ਕੇ ਆਇਆ ਹੈ ਜਦਕਿ ਸੱਚਾਈ ਇਹ ਹੈ ਕਿ ਚਾਹੇ ਹੈਲੀਕਾਪਟਰ ਉਡਾਣ ਭਰੇ ਜਾਂ ਨਾ ਭਰੇ ਪਾਇਲਟ ਤੇ ਇੰਜਨੀਅਰਾਂ ਦੀਆਂ ਤਨਖਾਹਾਂ ਦਾ ਖਰਚਾ ਹੀ ਸਾਲਾਨਾ 3 ਕਰੋੜ ਰੁਪਏ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ 20 ਤੋਂ 25 ਲੱਖ ਰੁਪਏ ਪਾਇਲਟ ਤੇ ਇੰਜਨੀਅਰਾਂ ਦੀਆਂ ਤਨਖਾਹਾਂ ਉੱਤੇ ਖਰਚ ਹੁੰਦੇ ਹਨ ਤਾਂ ਉਹ ਆਪਣੇ ਵੱਲੋਂ ਪੇਸ਼ ਕੀਤੇ ਅੰਕੜਿਆਂ ਨੂੰ ਕਿਵੇਂ ਸਹੀ ਠਹਿਰਾ ਸਕਦਾ ਹੈ? ਇਹ ਸਿਆਸੀ ਬੇਈਮਾਨੀ ਦੀ ਹੀ ਇੱਕ ਮਿਸਾਲ ਹੈ, ਜਿਸ ਵਾਸਤੇ ਨਵਜੋਤ ਸਿੱਧੂ ਮਸ਼ਹੂਰ ਹੈ।