ਸਿੱਧੂ ਦਾ ਮਜੀਠੀਆ ਤੇ ਜੋਸ਼ੀ ਨੂੰ ਠੋਕਵਾਂ ਜਵਾਬ
ਏਬੀਪੀ ਸਾਂਝਾ | 26 May 2018 10:22 AM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ। ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਨੇ ਸਿੱਧੂ ਪਰਿਵਾਰ ’ਤੇ ਸ਼ਬਦੀ ਹਮਲੇ ਕਰਦਿਆਂ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਰਨ ਸਿੱਧੂ ਦੀ ਨਿਯੁਕਤੀ ਤੋਂ ਬਾਅਦ ਸਿਆਸਤਦਾਨਾਂ ਕੇ ਵਿਚਾਰ ਸੁਣ ਕੇ ਨਵਤੋਜ ਸਿੰਘ ਸਿੱਧੂ ਦੀ ਪਤਨੀ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਪਣੀ ਫੇਸਬੁਕ ਪ੍ਰੋਫਾਈਲ ’ਤੇ ਪੋਸਟ ਕਰ ਕੇ ਲਿਖਿਆ ਕਿ ਉਹ ਸੀਨੀਅਰ ਗਾਇਨਾਕੋਲੋਜਿਸਟ (ਇਸਤਰੀ ਰੋਗਾਂ ਦੀ ਮਾਹਿਰ) ਹੈ ਤੇ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਦਾ ਤਿਆਗ ਕਰ ਦਿੱਤਾ। ਆਪਣੇ ਪੁੱਤਰ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਕਰਨ ਨੇ ਦਿੱਲੀ ਯੂਨੀਵਰਸਿਟੀ ਤੋਂ ਜਨਰਲ ਵਰਗ ਵਿੱਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਨਿਊਯਾਰਕ ਦੇ ਕਾਰਡੋਜ਼ੋ ਲਾਅ ਕਾਲਜ ਤੋਂ ਓਪਨ ਮੈਰਿਟ ਵਿੱਚ ਐਲਐਲਐਮ ਪਾਸ ਕੀਤੀ। ਇਸ ਤੋਂ ਇਲਾਵਾ ਉਸ ਨੂੰ ਦਿੱਲੀ ਹਾਈ ਕੋਰਟ ਵਿੱਚੋਂ 6 ਸਾਲ ਦਾ ਤਜਰਬਾ ਵੀ ਹਾਸਲ ਹੈ। ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰ, ਸਿਫ਼ਾਰਸ਼ੀ, ਘੱਟ ਪੜ੍ਹੇ ਵਿਖੇ ਜਾਂ ਗ਼ੈਰ ਹੱਕਦਾਰ ਲੋਕ ਨਹੀਂ ਸਨ ਤੇ ਉਨ੍ਹਾਂ ਦੀ ਤੁਲਨਾ ਤਾਕਤ ਦੇ ਆਸਰੇ ਨੌਕਰੀਆਂ ਲੈਣ ਵਾਲਿਆਂ ਨਾਲ ਨਾ ਕੀਤੀ ਜਾਵੇ। ਜੋਸ਼ੀ, ਮਜੀਠੀਆ ਤੇ ਹੋਰਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਉਕਤ ਲੀਡਰਾਂ ’ਤੇ ਭ੍ਰਿਸ਼ਟਾਚਾਰ ਆਸਰੇ ਧਨ-ਦੌਲਤ ਇਕੱਠੇ ਕਰਨ ਦੇ ਵੀ ਇਲਜ਼ਾਮ ਲਾਏ।