Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਐਸਮਾ ਲਾਉਣ ਨੂੰ ਲੈ ਕੇ ਸਰਕਾਰੀ ਮੁਲਾਜ਼ਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਇਸ ਨੂੰ ਲੈ ਕੇ ਸਿਵਲ ਸਰਜਨ ਡਾ. ਹਰਭਜਨ ਸਿੰਘ ਨੇ ਯੂ ਵਿਨ ਐਪ ਦੀ ਟ੍ਰੇਨਿੰਗ ਵਿੱਚ ਹਿੱਸਾ ਨਾ ਲੈਣ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਬਾਅਦ ਗ਼ੁੱਸੇ ਵਿੱਚ ਆਏ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ ਤੇ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਤੇ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਰਹੇ ਹਨ।


ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਬਤੌਰ ਕਮਿਊਨਟੀ ਹੈਲਥ ਅਫ਼ਸਰਾਂ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੀ ਡਿਊਟੀ ਵੱਖੋ-ਵੱਖਰੇ ਬਲਾਕਾਂ ਵਿੱਚ ਯੂ ਵਿਨ ਦੀ ਟ੍ਰੇਨਿਗ ਲਈ ਲਈ ਗਈ। ਉਹ ਪਹਿਲਾਂ ਤੋਂ ਹੀ ਓਪੀਡੀ, ਟੀਬੀ, ਸਕ੍ਰੀਨਿੰਗ ਸਮਤੇ ਕਈ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਨਵਾਂ ਕੰਮ ਕਰਨ ਦੀ ਟ੍ਰੇਨਿੰਗ ਲੈਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕੇਸ਼ਾਹੀ ਹੈ।


ਯੂ ਵਿਨ ਐਪ ਉੱਤ ਕੰਮ ਵੈਕਸੀਨੇਟਰ ਵੱਲੋਂ ਕੀਤਾ ਜਾਣਾ ਹੈ ਸਿਹਤ ਵਿਭਾਗ ਦੀਆਂ ਹਿਦਾਇਤਾਂ ਮੁਤਾਬਕ ਸੀਐਚਓ ਵੱਲੋਂ 15 ਟਾਰਗੇਟ ਦੇ ਆਧਾਰ ਉੱਤੇ ਕੰਮ ਕੀਤਾ ਜਾਂਦਾ ਹੈ। ਕੋਈ ਵੀ ਕਾਡਰ ਜੇ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਹ ਕੰਮ ਉਨ੍ਹਾਂ ਉੱਤੇ ਥੋਪ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ 15 ਇੰਡੀਕੇਟਰ ਤੋਂ ਇਲਾਵਾ ਕੋਈ ਕੰਮ ਨਾ ਦਿੱਤਾ ਜਾਵੇ। ਉਨ੍ਹਾਂ ਨਾਲ ਇਹੋ ਜਿਹੀ ਨਾ-ਇਨਸਾਫ਼ੀ ਨਾ ਕੀਤੀ ਜਾਵੇ।


ਜ਼ਿਕਰ ਕਰ ਦਈਏ ਕਿ ਜ਼ਿਲ੍ਹੇ ਵਿੱਚ ਕਰੀਬ 220 ਕਿਮਊਨਟੀ ਹੈਲਥ ਅਫ਼ਸਰ ਕੰਮ ਕਰ ਰਹੇ ਹਨ ਜਿਨ੍ਹਾਂ ਖ਼ਿਲਾਫ਼ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ।  ਦੱਸ ਦਈਏ ਕਿ ਸਿਵਲ ਸਰਜਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੂ ਵਿਨ ਐਪ ਦੀ ਟ੍ਰੇਨਿੰਗ ਕਮਰਾ ਨੰਬਰ 108 ਸਿਵਲ ਸਰਜਨ ਦੇ ਦਫ਼ਤਰ ਵਿੱਚ ਰੱਖੀ ਗਈ ਸੀ ਜਿਸ ਵਿੱਚ ਸਾਰਿਆਂ ਨੂੰ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। 


ਮੁਲਾਜ਼ਮਾਂ ਦੇ ਨਾਂ ਪਹੁੰਚਣ ਉੱਤੇ ਸੀਨੀਅਰ ਅਧਿਕਾਰੀਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਟ੍ਰੇਨਿੰਗ ਵਿੱਚ ਨਾਂ ਆਉਣ ਵਾਲਿਆਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਸ ਦਾ ਜਵਾਬ ਛੇਤੀ ਦਿੱਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ ਇਸ ਬਾਰੇ ਦੱਸਿਆ ਜਾਵੇ।


ਓਧਰ ਇਸ ਬਾਰੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਇਹ ਸਾਰਿਆਂ ਦਾ ਸਾਂਝਾ ਕੰਮ ਹੈ। ਸਰਕਾਰ ਦੀਆਂ ਨੀਤੀਆਂ ਮੁਤਾਬਕ ਹੀ ਕੰਮ ਕੀਤਾ ਜਾ ਰਿਹਾ ਹੈ। ਕਿਸੇ ਵੀ ਮੁਲਾਜ਼ਮ ਦੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਹੈ, ਸਾਰਾ ਕੰਮ ਮਿਲ ਕੇ ਕਰਨਾ ਚਾਹੀਦਾ ਹੈ।