Farmers Protest: ਦਿੱਲੀ 'ਚ ਹੋਣ ਜਾ ਰਹੇ ਜੀ-20 ਸੰਮੇਲਨ ਦੇ ਵਿਰੋਧ 'ਚ ਅੱਜ ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਖਿਲਾਫ਼ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਦੇਸ਼ ਨੂੰ ਗੁਲਾਮੀ ਵੱਲ ਲਿਜਾ ਰਹੀਆਂ ਹਨ। ਪੰਜਾਬ 'ਚ 90 ਥਾਵਾਂ 'ਤੇ ਪੁਤਲੇ ਫੂਕੇ ਜਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦਾ ਵਿਸ਼ਵ ਦੇ 75 ਫੀਸਦੀ ਆਰਥਿਕ ਸਰੋਤਾਂ ’ਤੇ ਕਬਜ਼ਾ ਹੈ। ਉਹ ਭਾਰਤ ਵਿੱਚ ਹਵਾਈ ਮਾਰਗਾਂ ਤੋਂ ਲੈ ਕੇ ਸਮੁੰਦਰੀ ਰਸਤਿਆਂ, ਪਾਣੀ, ਮਾਈਨਿੰਗ ਆਦਿ ਸਭ ਕੁਝ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਟੈਲੀਕਾਮ, ਰੇਲਵੇ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਾਰਨ ਹੋਣ ਜਾ ਰਿਹਾ ਹੈ।
ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇਸ਼ ਵਿਰੋਧੀ ਹਨ। ਇਸ ਲਈ ਅੱਜ ਜੀ-20 ਸੰਮੇਲਨ ਦਾ ਪੰਜਾਬ ਵਿੱਚ ਹੀ ਨਹੀਂ ਸਗੋਂ ਉੱਤਰੀ ਭਾਰਤ ਵਿੱਚ ਵੀ 16 ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਪੰਧੇਰ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਤਾਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਦਿੱਲੀ ਵਿੱਚ ਤਿੰਨ ਦਿਨਾਂ ਲਈ ਲਾਕਡਾਊਨ ਲਾ ਦਿੱਤਾ ਹੈ। ਲੋਕਾਂ ਨੂੰ ਸੜਕਾਂ 'ਤੇ ਨਹੀਂ ਆਉਣ ਦਿੱਤਾ ਜਾ ਰਿਹਾ। ਵੱਡੇ-ਵੱਡੇ ਪਰਦੇ ਲਾ ਕੇ ਗਰੀਬਾਂ ਦੀਆਂ ਝੁੱਗੀਆਂ ਨੂੰ ਪਿੱਛੇ ਛੁਪਾਇਆ ਗਿਆ ਹੈ। ਕੇਂਦਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਲੋਕਾਂ ਨੂੰ ਹੁਣ ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ 16 ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨ 13 ਜ਼ਿਲ੍ਹਿਆਂ ਦੇ ਸਾਰੇ ਜ਼ੋਨਾਂ ਵਿੱਚ ਹੋ ਰਿਹਾ ਹੈ। ਕਿਸਾਨ ਤੇ ਮਜ਼ਦੂਰ ਆਪੋ-ਆਪਣੇ ਜ਼ੋਨਾਂ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।