ਅੰਮ੍ਰਿਤਸਰ: ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਨਾਲ ਲਗਾਤਾਰ ਹੋ ਰਹੀ ਧੱਕੇਸ਼ਾਹੀ ਤੇ ਇਨਸਾਫ ਨਾ ਮਿਲਣ ਕਰਕੇ ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਵਫ਼ਦ ਸ਼ਿਲਾਂਗ ਭੇਜਣ ਦਾ ਫੈਸਲਾ ਲਿਆ ਹੈ। ਇਸ ਵਫਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖੁਦ ਜਾਣਗੇ। ਇਸ ਤੋਂ ਇਲਾਵਾ ਵਫ਼ਦ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੇਗਾ।   ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਅੱਜ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੁੱਧਵਾਰ ਨੂੰ ਸ਼ਿਲਾਂਗ ਦੇ ਸਿੱਖ ਭਾਈਚਾਰੇ ਦਾ ਵਫਦ ਉਨ੍ਹਾਂ ਨੂੰ ਮਿਲਿਆ ਸੀ। ਉਨ੍ਹਾਂ ਨੇ ਆ ਕੇ ਦੱਸਿਆ ਕਿ ਸ਼ਿਲਾਂਗ ਵਿੱਚ ਹਾਲਾਤ ਅਜੇ ਵੀ ਆਮ ਨਹੀਂ ਹੋਏ। ਉੱਥੋਂ ਦੇ ਸਿੱਖ ਭਾਈਚਾਰੇ ਵਿੱਚ ਅਜੇ ਵੀ ਡਰ ਦਾ ਮਾਹੌਲ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਵਫ਼ਦ ਮੁੜ ਸ਼ਿਲਾਂਗ ਜਾਏਗਾ ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਖੁਦ ਕਰਨਗੇ। ਉਨ੍ਹਾਂ ਨਾਲ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਇਹ ਵਫ਼ਦ ਭਾਰਤ ਦੇ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ।