ਚੰਡੀਗੜ੍ਹ: ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲੇ ਦੇ ਸ਼ਿਕਾਇਤਕਰਤਾ ਤੇ ਵਿਜੀਲੈਂਸ ਦੇ ਸਾਬਕਾ ਐਸਐਸਪੀ ਕੰਵਰਜੀਤ ਸਿੰਘ ਸੰਧੂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ 'ਤੇ ਮਾਮਲਾ ਰੱਦ ਕਰਨ ਲਈ ਦਬਾਅ ਵੀ ਪਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਕੰਵਰਜੀਤ ਦੇ ਵਕੀਲ ਵਿਜੇ ਮਹੇਂਦਰੂ ਨੇ ਦੱਸਿਆ ਕਿ ਉਨ੍ਹਾਂ ਕੇਸ ਦਾਇਰ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੀਜੇਪੀ ਤੇ ਕਾਂਗਰਸ ਵਿੱਚ 'ਸਮਝੌਤੇ' ਤਹਿਤ ਕੈਂਸਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੰਵਰਜੀਤ ਸਿੰਘ ਸੰਧੂ ਇਸ ਮਾਮਲੇ ਦੇ ਸ਼ਿਕਾਇਤਕਰਤਾ ਵੀ ਸਨ। ਉਨ੍ਹਾਂ ਇਸ ਕੇਸ ਦੀ ਮੁਢਲੀ ਜਾਂਚ ਕਰਦਿਆਂ 23 ਮਾਰਚ, 2017 ਨੂੰ ਐਫਆਈਆਰ ਵੀ ਦਰਜ ਕੀਤੀ ਸੀ। ਹੁਣ ਉਹ ਸੇਵਾਮੁਕਤ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਬੀਤੀ ਸਾਲ ਅਗਸਤ ਦੌਰਾਨ ਵਿਜੀਲੈਂਸ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ 30 ਹੋਰ ਮੁਲਜ਼ਮਾਂ ਨੂੰ ਸਿਟੀ ਸੈਂਟਰ ਘਪਲੇ ਵਿੱਚ ਕਲੀਨ ਚਿੱਟ ਦਿੰਦਿਆਂ ਕੇਸ ਨੂੰ ਰੱਦ ਕਰਨ ਲਈ ਰਿਪੋਰਟ ਵੀ ਦਾਇਰ ਕਰ ਦਿੱਤੀ ਸੀ। ਹਾਲੇ ਅਦਾਲਤ ਨੇ ਇਸ ਰਿਪੋਰਟ 'ਤੇ ਫੈਸਲਾ ਲੈਣਾ ਹੈ।

ਸੰਧੂ ਨੇ ਕਿਹਾ ਕਿ ਸ਼ਿਕਾਇਤਕਰਤਾ ਹੋਣ ਨਾਤੇ ਉਨ੍ਹਾਂ ਉਤੇ ਕੇਸ ਰੱਦ ਕਰਨ ਦੀ ਰਿਪੋਰਟ ਨੂੰ ਪ੍ਰਵਾਨ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਸਾਬਕਾ ਐਸਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਫ਼ੌਜਦਾਰੀ ਮੁਕੱਦਮੇ ਵਿੱਚ ਉਲਝਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਹ ਕੈਂਸਲੇਸ਼ਨ ਰਿਪੋਰਟ ਨੂੰ ਮਨਜ਼ੂਰ ਕਰ ਕੇ ਖ਼ੁਦ ਵੱਲੋਂ ਕੀਤੀ ਜਾਂਚ ਨੂੰ ਕਿਵੇਂ ਝੂਠਾ ਕਰਾਰ ਦੇ ਸਕਦੇ ਹਨ, ਜਦਕਿ ਘਪਲੇ ਦੇ ਸਬੂਤ ਫਾਈਲ ਵਿੱਚ ਲੱਗੇ ਹੋਏ ਸਨ। ਸੰਧੂ ਨੇ ਅਦਾਲਤ ਤੋਂ ਵਿਜੀਲੈਂਸ ਵੱਲੋਂ ਦਾਇਰ ਕੀਤੀ ਹੋਈ ਕੈਂਸਲੇਸ਼ਨ ਰਿਪੋਰਟ ਦੀ ਨਕਲ ਦੀ ਮੰਗ ਕੀਤੀ ਹੈ।