ਨਵੀਂ ਦਿੱਲੀ: ਕੇਂਦਰ ਸਰਕਾਰ ਵਿਆਹ ਕਰਾ ਕੇ ਔਰਤਾਂ ਨੂੰ ਧੋਖਾ ਦੇਣ ਵਾਲੇ ਐਨਆਰਆਈਜ਼ ਖਿਲਾਫ ਸਖ਼ਤ ਹੋ ਗਈ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸੂਬਿਆਂ ਨੂੰ ਕਿਹਾ ਹੈ ਕਿ ਐਨਆਰਆਈ ਪੁਰਸ਼ਾਂ ਦੀ ਭਾਰਤ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਹੋਣ ਨਾਲ ਹੀ ਇਸ ਦੀ ਸੂਚਨਾ ਫੌਰੀ ਮੰਤਰਾਲੇ ਕੋਲ ਪਹੁੰਚਾਉਣੀ ਲਾਜ਼ਮੀ ਕੀਤੀ ਜਾਵੇ।


 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਮਹਿਲਾਵਾਂ ਦੀ ਸੁਰੱਖਿਆ ਲਈ ਤੇ ਐਨਆਰਆਈ ਪੁਰਸ਼ਾਂ ਦੇ ਵਿਆਹ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੀ ਪੂਰੀ ਮਦਦ ਕਰਨ ਲਈ ਕਦਮ ਚੁੱਕ ਰਿਹਾ ਹੈ।

ਮੇਨਕਾ ਨੇ ਦੱਸਿਆ ਕਿ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਪੰਚਾਇਤ ਪੱਧਰ ਦੀਆਂ ਮਹਿਲਾਵਾਂ ਨੂੰ ਸਿੱਖਿਅਤ ਕਰਨ ਲਈ ਰਾਜ ਸਰਕਾਰਾਂ ਨਾਲ ਸਹਿਮਤੀ ’ਤੇ ਹਸਤਾਖ਼ਰ ਕੀਤੇ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਬਦਲਾਅ ਲਈ ਤਿਆਰ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਅਧਿਕਾਰੀ ਤਾਇਨਾਤ ਕਰਨ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੀ ਮਦਦ ਕਰਨ।